ਪੱਤਰ ਪ੍ਰੇਰਕ
ਜਗਰਾਉਂ, 20 ਅਕਤੂਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਆਈਪੀਐਸ ਨੇ ਪੁਲੀਸ ਵੱਲੋਂ ਪਿਛਲੇ ਦਿਨੀਂ ਫੜੇ ਗਏ ਨਸ਼ਿਆਂ ਨੂੰ ਆਪਣੀ ਹਾਜ਼ਰੀ ਵਿੱਚ ਪਰਾਲੀ ਦੀਆਂ ਗੱਠਾਂ ਦੀ ਮਦਦ ਨਾਲ ਅੱਗ ਲਗਾ ਕੇ ਨਸ਼ਟ ਕਰਵਾਇਆ।
ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਐੱਸਪੀ (ਡੀ) ਹਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਡੀਐਸਪੀ ਹਰਵਿੰਦਰ ਸਿੰਘ ਚੀਮਾ, ਡੀਐੱਸਪੀ(ਡੀ) ਗੁਰਤੇਜ ਸਿੰਘ ਸੰਧੂ ਵੱਲੋਂ ਐਨੀਨਾਰਕੋਟਿਕ ਸੈੱਲ, ਐੱਨਡੀਪੀਐੱਸ ਅਤੇ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ 30 ਕੇਸ ਦਰਜ ਕੀਤੇ ਹਨ।
ਪੁਲੀਸ ਨੇ ਛੇ ਕੇਸਾਂ ਵਿੱਚ 6 ਕੁਇੰਟਲ 44 ਕਿਲੋ 200 ਗ੍ਰਾਮ ਭੁੱਕੀ ਚੂਰਾ, ਹੈਰੋਇਨ ਦੇ ਦੋ ਕੇਸਾਂ ਵਿੱਚ 45 ਗ੍ਰਾਮ ਹੈਰੋਇਨ, ਨਸ਼ੀਲਾ ਪਾਊਡਰ 440 ਗ੍ਰਾਮ, ਆਈਸ ਕੇਸ ਇੱਕ ਤੋਂ 10 ਗ੍ਰਾਮ, ਗਾਂਜਾ 5 ਕਿਲੋ, ਨਸ਼ੇ ਵਾਲੀਆਂ ਗੋਲੀਆਂ 4010 ਬਰਾਮਦ ਕੀਤੀਆਂ ਸਨ।
ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ ਪਏ ਇਨ੍ਹਾਂ ਨਸ਼ਿਆਂ ਨੂੰ ਅੱਜ ਉਨ੍ਹਾਂ ਐਸਪੀ (ਡੀ) ਹਰਿੰਦਰਪਾਲ ਸਿੰਘ ਪਰਮਾਰ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਸ਼ਟ ਕਰਵਾਇਆ ਹੈ। ਪੁਲੀਸ ਮੁਲਾਜ਼ਮਾਂ ਨੇ ਝੋਨੇ ਦੀ ਪਰਾਲੀ ਨਾਲ ਨਸ਼ਿਆਂ ਦੀ ਇਸ ਵੱਡੀ ਖੇਪ ਨੂੰ ਅੱਗ ਲਗਾ ਕੇ ਸਾੜ ਦਿੱਤਾ।