ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਨਵੰਬਰ
ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦੀਆਂ ਹਾਕੀ, ਕਬੱਡੀ ਅਤੇ ਫੁਟਬਾਲ ਟੀਮਾਂ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਵਿਚ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇੱਥੇ ਹੋਏ ਅੰਤਰ-ਕਾਲਜ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਹਲਕਾ ਘਨੌਰ ਤੋਂ ਵਿਧਾਇਕ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਗੁਰਲਾਲ ਸਿੰਘ ਨੇ ਮੇਜ਼ਬਾਨ ਕਾਲਜ ਦੀਆਂ ਲੜਕੀਆਂ ਦੀ ਕਬੱਡੀ ਟੀਮ ਵੱਲੋਂ ਸੋਨ ਤਗਮਾ ਜਿੱਤਣ ਦੀ ਸ਼ਲਾਘਾ ਕੀਤੀ। ਟੀਮ ਦੇ ਕੋਚ ਜਗਤਾਰ ਸਿੰਘ ਨੇ ਦੱਸਿਆ ਕਿ ਕੁਝ ਖਿਡਾਰੀਆਂ ਨੇ ਹਾਲ ਹੀ ਵਿਚ ਮਲੇਸ਼ੀਆ ਵਿਚ ਹੋਏ ਕਬੱਡੀ ਟੂਰਨਾਮੈਂਟ ਵਿਚ ਵੀ ਹਿੱਸਾ ਲਿਆ ਹੈ। ਕਾਲਜ ਦੀਆਂ ਲੜਕੀਆਂ ਦੀ ਫੁਟਬਾਲ ਟੀਮ ਨੇ ਵੀ ਓਵਰਆਲ ਅੰਤਰ-ਕਾਲਜ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਹੈ। ਟੀਮ ਦੀ ਕੋਚ ਡਾ. ਸੁਖਜਿੰਦਰ ਕੌਰ ਨੇ ਕਿਹਾ ਕਿ ਕਈ ਖਿਡਾਰਨਾਂ ਨੇ ਪਹਿਲੀ ਵਾਰ ਮੁਕਾਬਲੇ ਵਿਚ ਹਿੱਸਾ ਲਿਆ ਸੀ। ਯੂਨੀਵਰਸਿਟੀ ਕੈਂਪਸ ਵਿਚ ਹੋਏ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਹਾਕੀ ਟੂਰਨਾਮੈਂਟ (ਲੜਕੇ) ਵਿਚ ਕਾਲਜ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਪ੍ਰਬੰਧਕੀ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸਐੱਸ ਥਿੰਦ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਕੋਚਾਂ ਅਤੇ ਖਿਡਾਰੀਆਂ ਦੀ ਸ਼ਲਾਘਾ ਕੀਤੀ।