ਪੱਤਰ ਪ੍ਰੇਰਕ
ਸਮਰਾਲਾ, 16 ਮਈ
ਪੰਜਾਬ ਦੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹੰਭਲਾ ਮਾਰ ਰਹੇ ਪ੍ਰਵਾਸੀ ਭਾਰਤੀ ਕੈਨੇਡਾ ਨਿਵਾਸੀ ਚਰਨਜੀਤ ਸਿੰਘ ਢੰਡਾ ਨੇ ਕਿਹਾ ਕਿ, ਪੰਜਾਬ ਨੂੰ ਨਸ਼ਿਆਂ ਦੀ ਤਬਾਹੀ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਕਜੁਟ ਹੋ ਕੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਦੇ ਖਾਤਮੇ ਲਈ ਇੱਕਠੇ ਹੋ ਕੇ ਜੰਗ ਲੜਨੀ ਚਾਹੀਦੀ ਹੈ, ਤਾਂ ਕਿ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਤੋਂ ਬਚਾਉਣ ਵਿੱਚ ਸਫਲ ਹੋ ਸਕੀਏ। ਉਨ੍ਹਾਂ ਇਹ ਵਿਚਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਲਾਕੇ ਦੇ ਲੋਕਾਂ ਲਈ ਬਣਾਏ ਗਏ ਸਾਂਝਾ ਘਰ ਵਿੱਚ ਨਸ਼ਿਆਂ ਖਿਲਾਫ਼ ਖੇਡੇ ਗਏ ਨਾਟਕ ‘ਸੂਰਜ ਕਦੇ ਮਰਦੇ ਨਹੀਂ’ ਦੇ ਮੰਚਨ ਮੌਕੇ ਪ੍ਰਗਟ ਕੀਤੇ। ਸਮਾਗਮ ਵਿੱਚ ਉੱਚੇਚੇ ਤੋਰ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਅਕਸ ਰੰਗ ਮੰਚ ਦੀ ਟੀਮ ਵੱਲੋਂ ਰਾਜਵਿੰਦਰ ਸਮਰਾਲਾ ਦੇ ਨਿਰਦੇਸ਼ਨ ਹੇਠ ਖੇਡੇ ਗਏ ਨਾਟਕ ਦੀ ਸ਼ਲਾਘਾ ਕੀਤੀ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਮਾਲਵਾ, ਕੌਂਸਲਰ ਡਾ. ਸਿੰਕਦਰ ਸਿੰਘ, ਐਡਵੋਕੇਟ ਗਗਨਦੀਪ ਸ਼ਰਮਾ, ਸ਼ਿਵ ਕੁਮਾਰ ਸ਼ਿਵਲੀ, ਨੀਰਜ ਸਿਹਾਲਾ, ਅੰਮ੍ਰਿਤਪਾਲ ਸਮਰਾਲਾ, ਗੁਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਢੰਡੇ ਅਤੇ ਅੰਮ੍ਰਿਤਪਾਲ ਸਿੰਘ ਕਾਕਾ ਹਾਜ਼ਰ ਸਨ।