ਸਤਵਿੰਦਰ ਬਸਰਾ
ਲੁਧਿਆਣਾ, 13 ਅਪਰੈਲ
ਪੀਏਯੂ ਵਿੱਚ ਜੱਲ੍ਹਿਆਂਵਾਲੇ ਬਾਗ ਦੀ 103ਵੀਂ ਵਰ੍ਹੇਗੰਢ ਨੂੰ ਸਮਰਪਿਤ ਨਾਟਕ “ਮੈਂ ਜੱਲ੍ਹਿਆਂਵਾਲਾ ਬਾਗ ਬੋਲਦਾਂ” ਦਾ ਸਫਲ ਮੰਚਨ ਕੀਤਾ ਗਿਆ। ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਏ ਇਸ ਨਾਟਕ ਦੇ ਨਿਰਦੇਸ਼ਕ ਪੀਏਯੂ ਦੇ ਸਹਾਇਕ ਨਿਰਦੇਸ਼ਕ ਟੀਵੀ ਰੇਡੀਓ ਡਾ. ਅਨਿਲ ਸ਼ਰਮਾ ਸਨ । ਇਸ ਨਾਟਕ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀਐੱਸ ਬੁੱਟਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਨੀਵਰਸਿਟੀ ਵੱਲੋਂ ਅਜਿਹੇ ਉਪਰਾਲੇ ਵਿੱਢੇ ਜਾਣਗੇ ਜਿਨ੍ਹਾਂ ਨਾਲ ਅਸੀਂ ਵਿਦਿਆਰਥੀਆਂ ਵਿੱਚ ਸਾਰਥਕ ਊਰਜਾ ਭਰ ਸਕੀਏ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਨਾਟਕ ਸਾਡੇ ਅਮੀਰ ਵਿਰਸੇ ਨਾਲ ਨੌਜਵਾਨ ਵਿਦਿਆਰਥੀਆਂ ਨੂੰ ਜੋੜਨ ਦੀ ਉਸਾਰੂ ਕੋਸ਼ਿਸ਼ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਤਿਹਾਸ ਦੇ ਵਿਸ਼ੇਸ਼ ਕਾਂਡ ਨੂੰ ਬਹਾਦਰੀ ਦੇ ਪ੍ਰਤੀਕ ਵਜੋਂ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਸਾਨੂੰ ਇਤਿਹਾਸ ਦੀਆਂ ਤੰਦਾਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨਾ ਚਾਹੀਦਾ ਹੈ। ਇਸ ਮੌਕੇ ਡਾ. ਅਨਿਲ ਸ਼ਰਮਾ ਵੱਲੋਂ ਨਾਟਕ ਦੀ ਸਕ੍ਰਿਪਟ ’ਤੇ ਅਧਾਰਤ ਕਿਤਾਬ ਵੀ ਰਿਲੀਜ਼ ਕੀਤੀ ਗਈ । ਨਾਟਕ ਦੌਰਾਨ ਜਨਰਲ ਡਾਇਰ ਦਾ ਰੋਲ ਅਭਿਸ਼ੇਕ ਵਿੱਜ, ਭਗਤ ਸਿੰਘ ਦਾ ਰੋਲ ਹਰਜੋਬਨ ਵਿਰਕ, ਸੁਖਦੇਵ ਦਾ ਰੋਲ ਕਰਨਵੀਰ ਗਿੱਲ, ਰਾਜਗੁਰੂ ਦਾ ਰੋਲ ਸੌਰਵ ਬਾਸੀ ਆਦਿ ਨੇ ਨਿਭਾਇਆ ।