ਸਤਵਿੰਦਰ ਬਸਰਾ
ਲੁਧਿਆਣਾ, 13 ਨਵੰਬਰ
ਦੇਸ਼ ਭਗਤ ਵਿਰਾਸਤ ਦੇ ਆਧਾਰ ’ਤੇ ਉਸਾਰੀ ਗਈ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਲੁਧਿਆਣਾ ਦੇ ਆਮ ਇਜਲਾਸ ਦੌਰਾਨ ਕਿਸਾਨੀ ਸੰਘਰਸ਼ ਨੂੰ ਜਿੱਤ ਤਕ ਲੈ ਕੇ ਜਾਣ ਦਾ ਹੋਕਾ ਦਿੱਤਾ ਗਿਆ। ਆਮ ਇਜਲਾਸ ਦੀ ਪ੍ਰਧਾਨਗੀ ਐਡਵੋਕੇਟ ਕੁਲਦੀਪ ਸਿੰਘ, ਗੁਰਨਾਮ ਸਿੰਘ ਸਿੱਧੂ, ਤਰਸੇਮ ਜੋਧਾਂ, ਮਲਕੀਤ ਸਿੰਘ ਬੱਦੋਵਾਲ, ਸੁਖਦੇਵ ਸਿੰਘ ਕਿਲਾ ਰਾਏਪੁਰ ਨੇ ਸਾਂਝੇ ਰੂਪ ਵਿੱਚ ਕੀਤੀ। ਸਟੇਜ ਸੰਚਾਲਨ ਦਾ ਕਾਰਜ ਮਾਸਟਰ ਜਸਦੇਵ ਸਿੰਘ ਲਲਤੋ ਨੇ ਨਿਭਾਇਆ। ਇਜਲਾਸ ਮੌਕੇ ਸਭ ਤੋਂ ਪਹਿਲਾਂ ਕੌਮਾਗਾਟਾਮਾਰੂ ਸਾਕੇ ਦੇ 19 ਸ਼ਹੀਦਾਂ ਸਮੇਤ ਸਮੂਹ ਦੇਸ਼ ਭਗਤਾਂ ਅਤੇ ਇਨਕਲਾਬੀ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਗਲੇ ਸੈਸ਼ਨ ਵਿੱਚ ਜਸਦੇਵ ਸਿੰਘ ਲਲਤੋਂ ਨੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਵੱਲੋਂ ਬੀਤੇ ਸਾਲ ਭਰ ’ਚ ਕੀਤੇ ਘੋਲਾਂ ਤੇ ਸਰਗਰਮੀਆਂ ਦੀ ਵਿਸਥਾਰੀ ਰੀਵਿਊ ਰਿਪੋਰਟ ਪੇਸ਼ ਕੀਤੀ ਅਤੇ ਅਗਲੇ ਸਾਲ ਦੀ ਭਵਿੱਖੀ ਵਿਉਂਤਬੰਦੀ ਕੀਤੀ। ਇਸ ਮਗਰੋਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਵੱਖ-ਵੱਖ ਆਗੂਆਂ ਸੁੁਖਦੇਵ ਸਿੰਘ ਕਿਲ੍ਹਾ ਰਾਏਪੁਰ, ਡਾ. ਗੁਰਚਰਨ ਰਾਏਕੋਟ, ਅਵਤਾਰ ਰਸੂਲਪੁਰ ਸਤਨਾਮ ਮੋਰਕਰੀਮਾ, ਹਰਪ੍ਰੀਤ ਜੀਰਖ, ਨਰਿੰਦਰ ਨਿੰਦੀ, ਗੁਰਚਰਨਜੀਤ ਸਿੰਘ, ਸਤਨਾਮ ਸਿੰਘ ਦਾਊਂ ਸਮੇਤ ਹੋਰਾਂ ਨੇ ਗ਼ਦਰ ਪਾਰਟੀ ਸਮੇਤ ਸਮੂਹ ਦੇਸ਼ ਭਗਤ ਲਹਿਰਾਂ ਦੇ ਅਧੂਰੇ ਕਾਰਜਾਂ, ਅਸਲੀ ਵਾਰਸਾਂ ਦੇ ਬਣਦੇ ਫਰਜ਼ਾਂ, ਦੇਸ਼ ਦੇ ਮੌਜੂਦਾ ਹਾਲਾਤ ਤੇ ਖੜ੍ਹੀਆਂ ਚੁਣੌਤੀਆਂ ਸਬੰਧੀ ਚਾਨਣਾ ਪਾਇਆ।
ਜੱਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਚਾਉਣ ਸਬੰਧੀ ਮਤਾ ਪਾਸ
ਇਜਲਾਸ ਦੌਰਾਨ ਤਿੰਨ ਖੇਤੀ ਕਾਨੂਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ, ਡੀਜ਼ਲ , ਪੈਟਰੋਲ ਤੇ ਗੈਸ ਦੀਆਂ ਕੀਮਤਾਂ ਨੂੰ ਜੀਐੱਸਟੀ ਦੇ ਘੇਰੇ ’ਚ ਲਿਆ ਕੇ ਕੰਟਰੋਲ ਕਰਨ, ਜੱਲ੍ਹਿਆਂਵਾਲੇ ਬਾਗ ਦਾ ਮੂਲ ਸਰੂਪ ਬਚਾਉਣ ਲਈ ਇਸ ਦਾ ਪ੍ਰਬੰਧ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਹਵਾਲੇ ਕਰਨ, ਏਪੀਏ ਸਮੇਤ ਤਮਾਮ ਹੋਰ ਕਾਨੂੰਨਾਂ ਤਹਿਤ ਝੂਠੇ ਕੇਸਾਂ ’ਚ ਜੇਲ੍ਹੀਂ ਡੱਕੇ ਹਜ਼ਾਰਾਂ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਦੀ ਫੌਰੀ ਰਿਹਾਈ ਬਾਰੇ ਮਤੇ ਪਾਸ ਕੀਤੇ ਗਏ ਗਏ।