ਸਤਵਿੰਦਰ ਬਸਰਾ
ਲੁਧਿਆਣਾ, 30 ਜੂਨ
ਪੀਏਯੂ ਟੀਚਰ ਐਸੋਸੀਏਸ਼ਨ (ਪੋਟਾ) ਵੱਲੋਂ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਅੱਜ ਥਾਪਰ ਹਾਲ ਅੱਗੇ ਰੋਸ ਧਰਨਾ ਲਾਇਆ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਪੀਏਯੂ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਣਬੁੱਝ ਕਿ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਐੱਚਐੱਸ ਕਿੰਗਰਾ ਅਤੇ ਡਾ. ਕੇਐੱਸ ਸਾਂਘਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਅਧਿਕਾਰੀਆਂ ਵੱਲੋਂ ਕਈ ਵਾਰ ਵਾਅਦੇ ਕੀਤੇ ਪਰ ਇਹ ਅੱਜ ਤੱਕ ਵਫਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਪੀਏਯੂ ਦੇ ਅਧਿਕਾਰੀਆਂ ਰਜਿਸਟਰਾਰ ਡਾ. ਆਰਐੱਸ ਸੰਧੂ, ਕੰਪਟਰੋਲਰ ਡਾ. ਕਮਲ ਵੱਤਾ ਅਤੇ ਡਾਇਰੈਕਟਰ ਐਕਸਟੈਨਸ਼ਨ ਡਾ. ਜੇਐੱਸ ਮਾਹਲ ਨਾਲ ਕਈ ਵਾਰ ਗੱਲਬਾਤ ਹੋਈ ਪਰ ਅਜੇ ਤੱਕ ਇਸ ਪਾਸੇ ਕੋਈ ਸਾਰਥਕ ਕਦਮ ਨਹੀਂ ਚੁੱਕਿਆ ਗਿਆ। ਯੂਨੀਅਨ ਆਗੂਆਂ ਨੇ ਦੁਪਹਿਰ ਬਾਅਦ ਪੀਏਯੂ ਦੇ ਵੀਸੀ ਸਬੰਧੀ ਲਏ ਫੈਸਲੇ ’ਤੇ ਖੁਸ਼ੀ ਪ੍ਰਗਟਾਉਂਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਨਵੀਂ ਸੋਚ ਅਤੇ ਖੇਤੀ ਦੀ ਚੰਗੀ ਸਮਝ ਰੱਖਣ ਵਾਲੇ ਧਰਤੀ ਪੁੱਤ ਨੂੰ ਪੀਏਯੂ ਦਾ ਨਵਾਂ ਉਪ ਕੁਲਪਤੀ ਥਾਪਿਆ ਜਾਵੇ।