ਚਰਨਜੀਤ ਸਿੰਘ ਢਿੱਲੋਂ
ਜਗਰਾਉਂ,14 ਨਵੰਬਰ
ਸੀਆਈਏ ਸਟਾਫ ਪੁਲੀਸ ਵੱਲੋਂ ਤਿੰਨ ਪਿਸਤੌਲਾਂ ਅਤੇ 1.800 ਕਿਲੋ ਵਿਸਫੋਟਕ ਸਮੱਗਰੀ ਸਮੇਤ ਪਿੰਡ ਨੱਥੋਵਾਲ ਦੇ ਗ੍ਰਿਫਤਾਰ ਕੀਤੇ ਗਏ ਨੌਜਾਵਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਦਰਸ਼ਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਵੀ ਗਰਮ ਖਿਆਲੀ ਜਾਂ ਦੇਸ਼ ਵਿਰੋਧੀ ਵਿਅਕਤੀ ਨਾਲ ਸਬੰਧ ਨਹੀਂ ਹੈ। ਉਹ ਧਾਰਮਿਕ ਖਿਆਲਾਂ ਵਾਲਾ ਅੰਮ੍ਰਿਤਧਾਰੀ ਨੌਜਵਾਨ ਹੈ। ਉਨ੍ਹਾਂ ਆਖਿਆ ਕਿ ਜਿਸ ਪਦਾਰਥ ਨੂੰ ਪੁਲੀਸ ਵਿਸਫੋਟਕ ਸਮੱਗਰੀ ਦੱਸ ਰਹੀ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨ ਮੌਕੇ ਪਟਾਕੇ ਚਲਾਉਣ ਵਾਲੀ ਪੋਟਾਸ਼ ਹੈ, ਜਿਸ ਉਪਰ ਕੋਈ ਪਾਬੰਦੀ ਨਹੀਂ ਹੈ। ਉਸ ਕੋਲੋਂ ਮਿਲੇ ਪਿਸਤੌਲਾਂ ਬਾਰੇ ਉਨ੍ਹਾਂ ਆਖਿਆ ਕਿ ਬੀਤੀ 27 ਸਤੰਬਰ ਨੂੰ ਥਾਣਾ ਸਦਰ ਦੀ ਪੁਲੀਸ ਨੇ ਇੱਕ ਅਫੀਮ ਤਸਕਰੀ ਦਾ ਕੇਸ ਅਮਨਦੀਪ ਸਿੰਘ ਵਾਸੀ ਪਿੰਡ ਜਲਾਲਦੀਵਾਲ ਅਤੇ ਉਸ ਦੇ ਸਾਥੀ ਪ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਮਨਦੀਪ ਦਾ ਰਿਸ਼ਤੇਦਾਰ ਹਰਮਨਪ੍ਰੀਤ ਦਾ ਦੋਸਤ ਹੈ। ਜਦੋਂ ਪੁਲੀਸ ਨੇ ਅਮਨਦੀਪ ਨੂੰ ਹਿਰਾਸਤ ’ਚ ਲਿਆ ਤਾਂ ਉਸ ਨੇ ਸੁਨੇਹਾ ਦਿੱਤਾ ਕਿ ਉਸ ਦੇ ਘਰ ਥੋੜਾ ਸਾਮਾਨ ਬੋਰੀ ਵਿੱਚ ਪਿਆ ਹੈ ਜਿਸ ਨੂੰ ਉਹ ਸੰਭਾਲ ਲਵੇ। ਹਰਮਨਪ੍ਰੀਤ ਨੇ ਅਮਨਦੀਪ ਨੂੰ ਬਚਾਉਣ ਦੇ ਚੱਕਰ ’ਚ ਉਸ ਦੇ ਘਰ ਜਲਾਲਦੀਵਾਲ ਪਿਆ ਸਾਮਾਨ ਲਿਆ ਕੇ ਆਪਣੇ ਘਰ ਪੇਟੀ ਹੇਠਾਂ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਨਹੀਂ ਜਾਣਦੇ ਸੀ ਕਿ ਬੋਰੀ ਵਿੱਚ ਕੀ ਹੈ। ਮਾਤਾ ਦਰਸ਼ਨ ਕੌਰ ਨੇ ਆਖਿਆ ਕਿ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਇਨਸਾਫ ਦੀ ਮੰਗ ਕੀਤੀ ਹੈ।