ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੁਲਾਈ
ਇਥੇ ਕੋਵਿਡ-19 ਕਰਕੇ ਕਈ ਨਿੱਜੀ ਸਕੂਲਾਂ ਨੇ ਟਿਊਸ਼ਨ ਫੀਸਾਂ ਜਾਂ ਫੰਡਾਂ ਵਿੱਚ ਛੋਟ ਦੇ ਕਿ ਮਾਪਿਆਂ ਨੂੰ ਕੁੱਝ ਰਾਹਤ ਦਿੱਤੀ ਹੈ ਪਰ ਅਜੇ ਵੀ ਕੁਝ ਸਕੂਲ ਪਹਿਲਾਂ ਦੀ ਤਰ੍ਹਾਂ ਹੀ ਫੀਸਾਂ ਅਤੇ ਫੰਡ ਵਸੂਲਣ ਦੇ ਰਾਹ ਪਏ ਹੋਏ ਹਨ। ਅਜਿਹੇ ਇੱਕ ਸਕੂਲ ਖ਼ਿਲਾਫ਼ ਅੱਜ ਦਿੱਲੀ ਪਬਲਿਕ ਸਕੂਲ ਮਾਪੇ ਐਸੋਸੀਏਸ਼ਨ ਨੇ ਆਪਣਾ ਰੋਸ ਪ੍ਰਗਟਾਇਆ। ਉਹ ਟਿਊਸ਼ਨ ਫੀਸ ਵਿੱਚ 50 ਫੀਸਦ, ਟਰਾਂਸਪੋਰਟ ਅਤੇ ਸਾਲਾਨਾ ਫੀਸ ਪੂਰੀ ਮੁਆਫ ਕਰਨ ਦੀ ਮੰਗ ਕਰ ਰਹੇ ਸਨ।
ਇਸ ਮੌਕੇ ਮਾਪਿਆਂ ਦਾ ਕਹਿਣਾ ਸੀ ਕਿ ਲੁਧਿਆਣਾ ਵਿੱਚ ਬਹੁਤ ਸਾਰੇ ਅਜਿਹੇ ਨਿੱਜੀ ਸਕੂਲ ਹਨ ਜਿਨ੍ਹਾਂ ਵੱਲੋਂ ਟਿਊਸ਼ਨ ਫੀਸ ਵਿੱਚ 50 ਫੀਸਦ ਛੋਟ ਦਿੱਤੀ ਜਾ ਰਹੀ ਹੈ ਜਦਕਿ ਸਾਲਾਨਾ ਫੰਡ ਅਤੇ ਹੋਰ ਚਾਰਜਿਜ਼ ਨਾ-ਮਾਤਰ ਲਏ ਜਾ ਰਹੇ ਹਨ। ਇਸ ਦੇ ਬਾਵਜੂਦ ਦਿੱਲੀ ਪਬਲਿਕ ਸਕੂਲ ਵਾਲਿਆਂ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਫੀਸਾਂ ਅਤੇ ਵਾਧੂ ਚਾਰਜ ਲਏ ਜਾ ਰਹੇ ਹਨ। ਇਨਾਂ ਮਾਪਿਆਂ ਦਾ ਕਹਿਣਾ ਸੀ ਕਿ ਕੋਵਿਡ-19 ਕਰਕੇ ਸਕੂਲ ਪਿਛਲੇ ਕਰੀਬ ਸਾਢੇ ਚਾਰ ਮਹੀਨੇ ਤੋਂ ਬੰਦ ਪਏ ਹਨ। ਇਸ ਦੌਰਾਨ ਸਕੂਲ ਇਮਾਰਤਾਂ ਦੀ ਕੋਈ ਮੁਰੰਮਤ ਨਹੀਂ ਹੋਈ, ਕੰਪਿਊਟਰ ਕਲਾਸਾਂ, ਖੇਡਾਂ ਅਤੇ ਟਰਾਂਸਪੋਰਟ ਦੀ ਵਰਤੋਂ ਨਹੀਂ ਹੋਈ ਪਰ ਫਿਰ ਵੀ ਕਥਿਤ ਤੌਰ ’ਤੇ ਪੈਸੇ ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਕੂਲ ਵਾਲੇ ਅਦਾਲਤ ਦੇ ਫੈਸਲੇ ਦੀ ਵੀ ਉਲੰਘਣਾ ਕਰ ਰਹੇ ਹਨ ਜਿਸ ਵਿੱਚ ਟਿਊਸ਼ਨ ਫੀਸ ਅਤੇ ਹੋਰ ਲੋੜੀਂਦੇ ਖਰਚੇ ਹੀ ਲੈਣ ਲਈ ਆਖਿਆ ਗਿਆ ਸੀ।
ਮਾਪੇ ਜੱਥੇਬੰਦੀ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਕੂਲ ਵਾਲਿਆਂ ਨੂੰ ਪਹਿਲਾਂ 27 ਜੁਲਾਈ, 28 ਜੁਲਾਈ ਨੂੰ ਪੱਤਰ ਲਿਖੇ ਸਨ ਪਰ ਉਨ੍ਹਾਂ ਨੂੰ ਇਸ ਦਾ ਕੋਈ ਜਵਾਬ ਨਹੀਂ ਆਇਆ ਅਤੇ ਅੱਜ ਉਹ ਖੁਦ ਸਕੂਲ ’ਚ ਮੰਗ ਪੱਤਰ ਦੇਣ ਆਏ ਸਨ।
ਇਸ ਦੌਰਾਨ ਉਨਾਂ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ ਘੰਟੇ ਤੱਕ ਸਕੂਲ ਦੇ ਗੇਟ ’ਤੇ ਖੜ੍ਹੇ ਹੋਣਾ ਪਿਆ। ਉਹ ਸਾਲਾਨਾ ਫੀਸ, ਟਰਾਂਸਪੋਰਟ ਫੀਸ ਵਿੱਚ ਪੂਰੀ ਛੋਟ, ਟਿਊਸ਼ਨ ਫੀਸ ਵਿੱਚ 50 ਫੀਸਦ ਦੇ ਨਾਲ-ਨਾਲ ਹੋਰ ਕੋਈ ਵੀ ਚਾਰਜ ਨਾ ਲੈਣ ਦੀ ਮੰਗ ਕਰ ਰਹੇ ਹਨ।