ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਮਾਰਚ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿੱਚ ਕਰਵਾਏ ਗਏ ਮਾਤ ਭਾਸ਼ਾ ਮੇਲੇ ਦੀ ਓਵਰਆਲ ਟਰਾਫੀ ਜਲੰਧਰ ਦੇ ਏਪੀਜੇ ਕਾਲਜ ਆਫ ਫਾਈਨ ਆਰਟਸ ਨੇ ਜਿੱਤ ਲਈ ਹੈ। ਇਸ ਮੇਲੇ ਵਿੱਚ ਵੱਖ-ਵੱਖ ਕਾਲਜਾਂ ਦੀਆਂ 14 ਟੀਮਾਂ ਨੇ 7 ਮੁਕਾਬਲਿਆਂ ਵਿੱਚ ਹਿੱਸਾ ਲਿਆ। ਕਾਲਜਾਂ ਦੇ ਕਰੀਬ 150 ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰਸ਼ਨੋਤਰੀ, ਕਾਵਿ-ਸਿਰਜਣ, ਕਹਾਣੀ ਸਿਰਜਣ, ਕਾਵਿ ਉਚਾਰਣ, ਲੋਕ ਗੀਤ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ, ਕਵਿਤਾ, ਪੋਸਟਰ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ। ਸੱਭਿਆਚਾਰਕ ਪ੍ਰਸ਼ੋਨਤਰੀ ਮੁਕਾਬਲੇ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਨੇ ਪਹਿਲਾ, ਜੀਐੱਸਜੀ ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਸਿੱਧਵਾਂ ਖੁਰਦ ਨੇ ਦੂਜਾ ਅਤੇ ਸਰਕਾਰੀ ਕਾਲਜ ਲੜਕੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਏਪੀਜੇ ਕਾਲਜ ਨੇ ਪਹਿਲਾ, ਖਾਲਸਾ ਕਾਲਜ ਲੜਕੀਆਂ ਸਿਵਲ ਲਾਈਨ ਨੇ ਦੂਜਾ ਜਦਕਿ ਰਾਮਗੜ੍ਹੀਆ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਵਿ ਉਚਾਰਣ ਮੁਕਾਬਲੇ ਵਿੱਚ ਸਰਕਾਰੀ ਕਾਲਜ ਲੁਧਿਆਣਾ ਦੀ ਦਮਨਪ੍ਰੀਤ ਕੌਰ ਨੇ ਪਹਿਲਾ, ਖਾਲਸਾ ਕਾਲਜ ਫਾਰ ਵਿਮੈਨ ਸਿਧਵਾਂ ਖੁਰਦ ਦੀ ਜਸਵਿੰਦਰ ਕੌਰ ਨੇ ਦੂਜਾ, ਏਪੀਜੇ ਕਾਲਜ ਦੀ ਲਵਪ੍ਰੀਤ ਕੌਰ ਨੇ ਤੀਜਾ ਜਦਕਿ ਆਰੀਆ ਕਾਲਜ ਲੁਧਿਆਣਾ ਦੇ ਦਿਲਰਾਜ ਸਿੰਘ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ। ਕਾਵਿ ਸਿਰਜਣ ਮੁਕਾਬਲੇ ਵਿੱਚ ਏਪੀਜੇ ਕਾਲਜ ਦੇ ਨਿਰਵੈਰ ਸਿੰਘ ਨੇ ਪਹਿਲਾ, ਗੋਬਿੰਦ ਨੈਸ਼ਨਲ ਕਾਲਜ ਦੀ ਰਵਿੰਦਰ ਕੌਰ ਨੇ ਦੂਜਾ ਅਤੇ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਦੇ ਗੁਰਤੇਜ ਸਿੰਘ ਕੋਲਧਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਵਿ ਪੋਸਟਰ ਮੁਕਾਬਲੇ ਵਿੱਚ ਏਪੀਜੇ ਕਾਲਜ ਦੇ ਪ੍ਰਿੰਸ ਪ੍ਰਭਾਕਰ, ਸਰਕਾਰੀ ਕਾਲਜ ਲੜਕੀਆਂ ਦੀ ਹਰਗੁਨ ਕੌਰ ਅਤੇ ਖਾਲਸਾ ਕਾਲਜ ਫਾਰ ਵਿਮੈਨ ਦੀ ਮਨਮਿੰਦਰ ਕੌਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਕਹਾਣੀ ਸਿਰਜਣ ਮੁਕਾਬਲੇ ਵਿੱਚ ਜੀਐਚਜੀ ਹਰਪ੍ਰਕਾਸ਼ ਕਾਲਜ ਨੇ ਪਹਿਲਾ, ਖਾਲਸਾ ਕਾਲਜ ਫਾਰ ਵਿਮੈਨ ਨੇ ਦੂਜਾ ਅਤੇ ਸਰਕਾਰੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ’ਚ ਏਪੀਜੇ ਕਾਲਜ ਨੇ ਪਹਿਲਾ ਸਥਾਨ ਮੱਲਿਆ।