ਸਤਵਿੰਦਰ ਬਸਰਾ/ਡੀਪੀਐੱਸ ਬਤਰਾ
ਲੁਧਿਆਣਾ/ਸਮਰਾਲਾ, 22 ਅਗਸਤ
ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਦਾ ਰੂਪ ਦੇਣ ਦੇ ਮੱਦੇਨਜ਼ਰ, ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ, ਵਿਧਾਇਕ ਪਾਇਲ ਲਖਬੀਰ ਸਿੰਘ ਲੱਖਾ ਅਤੇ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਅੱਜ 9.80 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਤਹਿਤ ਰੋਜ਼ਾਨਾ 200 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਨੀਲੋਂ ਪਿੰਡ ਨੇੜੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕਾਂ ਅਤੇ ਮੇਅਰ ਨੇ ਕਿਹਾ ਕਿ ਇਹ ਕੰਮ ਸਰਹਿੰਦ ਨਹਿਰ ਦੇ ਨੀਲੋਂ ਡਰੇਨ ਰਾਹੀਂ ਨਹਿਰੀ ਪਾਣੀ ਨੂੰ ਨਾਲੇ ਵਿੱਚ ਛੱਡ ਕੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ 650 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਅਧੀਨ, ਕਾਰਜਕਾਰੀ ਏਜੰਸੀ ਜਲ ਸਰੋਤ ਵਿਭਾਗ ਨੇ ਸ਼ੀਟ ਪਾਇਲਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ, ਸਰਹਿੰਦ ਨਹਿਰ ਤੋਂ 200 ਕਿਊਸਿਕ ਪਾਣੀ ਲਿਜਾਣ ਲਈ ਇੱਕ ਏਸਕੇਪ ਰੈਗੂਲੇਟਰ ਦਾ ਨਿਰਮਾਣ, ਚਾਰ ਪਿੰਡਾਂ ਦੀਆਂ ਸੜਕਾਂ ਦੇ ਪੁਲ, ਪੰਜ ਖੇਤ ਮਾਰਗ, ਦੋ ਡਿੱਗੀਆਂ ਦੀ ਮੁਰੰਮਤ ਅਤੇ ਪਰਤ, ਤਿੰਨ ਪਿੰਡਾਂ ਦੀ ਸੜਕ ’ਤੇ ਪੁਲਾਂ ਦੀ ਮੁਰੰਮਤ ਅਤੇ ਨੀਲੋਂ ਨਹਿਰ ਦੀ ਸਫ਼ਾਈ ਦਾ ਕੰਮ ਅੱਠ ਮਹੀਨਿਆਂ ਦੇ ਰਿਕਾਰਡ ਸਮੇਂ ਦੇ ਅੰਦਰ ਮੁਕੰਮਲ ਹੋ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੁਆਰਾ ਫੰਡ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੁੱਢੇ ਦਰਿਆ ਨੂੰ ਮੂਲ ਰੂਪ ਦੇਣ ਅਤੇ ਇਸ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਇਹ ਇਸ ਵਿਸ਼ਾਲ ਕਾਰਜ ਦੀ ਸਿਰਫ ਸ਼ੁਰੂਆਤ ਹੈ, ਜੋ ਡਰੇਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਦਾ ਸਫ਼ਾਇਆ ਕਰਨ ਵਿੱਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਨਗਰ ਨਿਗਮ ਹਦੂਦ ’ਚੋਂ ਲੰਘਦੇ 14 ਕਿਲੋਮੀਟਰ ਲੰਬੇ ਬੁੱਢੇ ਨਾਲੇ ਵਿੱਚ ਘਰੇਲੂ ਪਾਣੀ ਦੇ ਡਿੱਗਣ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਸਿਰਫ ਸ਼ੁੱਧ ਕੀਤਾ ਪਾਣੀ ਹੀ ਦਰਿਆ ਵਿੱਚ ਪਾਇਆ ਜਾਵੇਗਾ।
ਇਸ ਮੌਕੇ ਮੁੱਖ ਤੌਰ ’ਤੇ ਮੈਂਬਰ ਸਕੱਤਰ ਪੀ.ਪੀ.ਸੀ.ਬੀ. ਸਕਰੁਣੇਸ਼ ਗਰਗ, ਐੱਸ.ਡੀ.ਐੱਮ. ਸਮਰਾਲਾ ਵਿਕਰਮਜੀਤ ਸਿੰਘ ਪਾਂਥੇ, ਚੀਫ ਇੰਜਨੀਅਰ ਡਰੇਨੇਜ਼ ਬਰਿੰਦਰਪਾਲ ਸਿੰਘ ਆਦਿ ਮੌਜੂਦ ਸਨ।