ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੂਨ
ਬੇਬੇ ਨਾਨਕੀ ਬਿਰਧ ਆਸ਼ਰਮ ਪਮਾਲੀ ਦਾ ਪ੍ਰਬੰਧ ਪਿੰਗਲਵਾੜਾ ਅੰਮ੍ਰਿਤਸਰ ਹਵਾਲੇ ਕੀਤਾ ਗਿਆ ਹੈ। ਅੱਜ ਬਿਰਧ ਆਸ਼ਰਮ ਵਿੱਚ ਹੋਏ ਸਮਾਗਮ ਦੌਰਾਨ ਪਿੰਗਲਵਾੜਾ ਅੰਮ੍ਰਿਤਸਰ ਦੇ ਮੁਖੀ ਡਾ. ਇੰਦਰਜੀਤ ਕੌਰ ਨੂੰ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਸੇਵਾ ਸੰਭਾਲ ਸੌਂਪੀ ਗਈ।
ਇਸ ਮੌਕੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਬਾਬਾ ਗੁਰਸੇਵਕ ਸਿੰਘ ਮਧੋਕ, ਬਾਲ ਭਲਾਈ ਕਮੇਟੀ ਦੇ ਚੇਅਰਮੈਨ
ਸੇਵਾਮੁਕਤ ਐਸਪੀ ਗੁਰਜੀਤ ਸਿੰਘ ਰੋਮਾਣਾ, ਸੇਵਾਮੁਕਤ ਐਕਸੀਅਨ ਅਜੀਤ ਸਿੰਘ ਅਰੋੜਾ, ਅਕਾਲੀ ਕਿਸ਼ਨ ਸਿੰਘ ਅਤੇ ਮਨਮੋਹਨ ਸਿੰਘ ਨੇ ਸੇਵਾ ਸੰਭਾਲ ਬਾਰੇ ਡਾ. ਇੰਦਰਜੀਤ ਕੌਰ ਨੂੰ ਮਿਲ ਕੇ ਬੇਨਤੀ ਕੀਤੀ ਗਈ ਸੀ ਜੋ ਉਨ੍ਹਾਂ ਪ੍ਰਵਾਨ ਕਰ ਲਈ। ਇਸ ਮੌਕੇ ਜੀਐਸ ਰੋਮਾਣਾ ਨੇ ਦੱਸਿਆ ਕਿ ਇਸ ਆਸ਼ਰਮ ਦੀ ਸ਼ੁਰੂਆਤ ਬਾਬਾ ਗੁਰਸੇਵਕ ਸਿੰਘ ਮਧੋਕ ਵੱਲੋਂ 3 ਅਕਤੂਬਰ 2011 ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੱਥੇ ਬਜ਼ੁਰਗਾਂ ਅਤੇ ਬੱਚਿਆਂ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਬਾ ਗੁਰਸੇਵਕ ਸਿੰਘ ਦੀ ਸਿਹਤ ਹੁਣ ਠੀਕ ਨਾ ਹੋਣ ਕਾਰਨ ਇਹ ਸੇਵਾ ਪਿੰਗਲਵਾੜਾ ਅੰਮ੍ਰਿਤਸਰ ਨੂੰ ਸੌਂਪੀ ਜਾ ਰਹੀ ਹੈ।