ਪੱਤਰ ਪ੍ਰੇਰਕ
ਰਾਏਕੋਟ, 25 ਅਗਸਤ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਏਕੋਟ ਵਿਧਾਨ ਸਭਾ ਹਲਕਾ ‘069’ ਵਿਚ 1200 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਬੂਥਾਂ ਨੂੰ 1200 ਵੋਟਰਾਂ ਤੱਕ ਸੀਮਤ ਕਰ ਕੇ ਨਵੇਂ ਪੋਲਿੰਗ ਬੂਥ ਬਣਾਏ ਗਏ ਹਨ।
ਇਸ ਸਬੰਧੀ ਰਾਏਕੋਟ ਹਲਕੇ ਅਧੀਨ ਪੈਂਦੇ ਬੀਐਲਓਜ਼ ਅਤੇ ਸੈਕਟਰ ਅਫ਼ਸਰਾਂ ਪਾਸੋਂ ਪ੍ਰਾਪਤ ਹੋਈ ਰਿਪੋਰਟ ਨੂੰ ਹਲਕੇ ਅਧੀਨ ਪੈਂਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਕਰਨ ਲਈ ਐਸਡੀਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਵਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਪੋਲਿੰਗ ਬੂਥਾਂ ਉੱਪਰ ਵੋਟਰਾਂ ਦੀ ਗਿਣਤੀ 1200 ਤੋਂ ਉਪਰ ਹੈ, ਉਨ੍ਹਾਂ ਨੂੰ ਤਰਕਸੰਗਤਾ ਦੇ ਦਾਇਰੇ ਹੇਠ ਲਿਆ ਕੇ ਨਵੇਂ ਪੋਲਿੰਗ ਬੂਥ ਬਣਾਏ ਗਏ ਹਨ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਨਵੇ ਬਣਾਏ ਪੋਲਿੰਗ ਬੂਥਾਂ ’ਤੇ ਸਹਿਮਤੀ ਪ੍ਰਗਟਾਈ ਗਈ। ਨਵੇਂ ਬੂਥ ਬਣਨ ਉਪਰੰਤ ਹੁਣ ਵਿਧਾਨ ਸਭਾ ਹਲਕਾ 069 ਰਾਏਕੋਟ (ਅ.ਜ) ਦੇ ਬੂਥਾਂ ਦੀ ਗਿਣਤੀ 172 ਤੋਂ ਵਧ ਕੇ 188 ਹੋ ਗਈ ਹੈ।
ਇਸ ਮੌਕੇ ਹਰਕਮਲ ਕ੍ਰਿਸ਼ਨ ਇੰਚਾਰਜ ਇਲੈਕਸ਼ਨ ਸੈੱਲ, ਸੁਖਪਾਲ ਸਿੰਘ ਗੋਂਦਵਾਲ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਸਤੀਸ਼ ਕੁਮਾਰ ਭਾਜਪਾ, ਲਵਜਿੰਦਰ ਸਿੰਘ ‘ਆਪ’, ਨਿਰਪਾਲ ਸਿੰਘ ਅਤੇ ਬਲਦੇਵ ਸਿੰਘ ਲੋਕ ਇਨਸਾਫ਼ ਪਾਰਟੀ ਵੱਲੋਂ ਹਾਜ਼ਰ ਹੋਏ।