ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਜੁਲਾਈ
ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਦਾ ਇੱਕ ਵਫ਼ਦ ਸਿਵਲ ਸਕੱਤਰੇਤ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਵਫ਼ਦ ਵਿੱਜ ਯੂਨੀਅਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਜਗਰਾਉਂ, ਸਰਬਜੀਤ ਸਿੰਘ, ਰਣਬੀਰ ਕੁਮਾਰ, ਸੁਰੇਸ਼ ਕੁਮਾਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਖਜ਼ਾਨਾ ਮੰਤਰੀ ਨੇ ਮੰਗਾਂ ਸਬੰਧੀ ਜਲਦ ਕਾਰਵਾਈ ਦਾ ਭਰੋਸਾ ਦਿੱਤਾ। ਆਗੂਆਂ ਨੇ ਦੱਸਿਆ ਕਿ ਨਾਨ-ਟੀਚਿੰਗ ਸਟਾਫ ’ਚ ਦਰਜਾ ਤਿੰਨ ਤੇ ਚਾਰ ਮੁਲਾਜ਼ਮ ਹੁੰਦੇ ਹਨ, ਜਿਨ੍ਹਾਂ ਵਿੱਚ ਜੂਨੀਅਰ ਸਹਾਇਕ, ਕਲਰਕ, ਸਹਾਇਕ ਲਾਇਬਰੇਰੀਅਨ, ਰੀਸਟੋਰਰ, ਪੀਅਨ, ਮਾਲੀ, ਇਲੈਕਟ੍ਰੀਸ਼ੀਅਨ, ਲੈਬ ਅਟੈਂਡੈਂਟ, ਸਫ਼ਾਈ ਕਰਮਚਾਰੀ, ਡਰਾਈਵਰ ਅਤੇ ਚੌਕੀਦਾਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਛੇਵਾਂ ਪੇਅ ਕਮਿਸ਼ਨ ਦੇ ਦਿੱਤਾ ਹੈ ਅਤੇ ਪਿਛਲੀ ਕਾਂਗਰਸ ਸਰਕਾਰ ਨੇ ਜਾਣ ਵੇਲੇ ਸਹਾਇਤਾ ਪ੍ਰਾਪਤ ਕਾਲਜਾਂ ਲਈ ਐਲਾਨ ਵੀ ਕੀਤਾ, ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਲਾਗੂ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜਾਂ ਵਿੱਚ ਨਾਨ-ਟੀਚਿੰਗ ਸਟਾਫ਼ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ।