ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਸਤੰਬਰ
ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਬੱਚਿਆਂ ਦੀ ਸਾਂਭ-ਸੰਭਾਲ ਲਈ ਚੱਲਦੇ ਐੱਸਜੀਬੀ ਬਾਲ ਘਰ ਧਾਮ ਤਲਵੰਡੀ ਖੁਰਦ ’ਚ ਇਕ ਹੋਰ ਨਵਜੰਮੀ ਬੱਚੀ ਦੀ ਆਮਦ ਹੋਈ ਹੈ। ਇਹ ਬੱਚੀ ਅੰਮ੍ਰਿਤਸਰ ਦੇ ਪੰਘੂੜੇ ’ਚ ਕੋਈ ਛੱਡ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਪੁਰਦ ਕੀਤਾ ਹੈ। ਪ੍ਰਧਾਨ ਜਸਬੀਰ ਕੌਰ ਨੇ ਦੱਸਿਆ ਕਿ ਕਿਸੇ ਵੀ ਕਾਰਨ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰਥ ਮਾਪਿਆਂ ਜਾਂ ਵਾਰਸਾਂ ਦੀ ਸਹੂਲਤ ਲਈ ਇੰਡੀਅਨ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਕੰਪਲੈਕਸ ’ਚ ਲਗਾਏ ਪੰਘੂੜੇ ਅੰਦਰ ਕੋਈ ਨਾਗਰਿਕ ਇਕ ਨਵਜੰਮੀ ਬੱਚੀ ਨੂੰ ਸੁਰੱਖਿਅਤ ਰੱਖ ਕੇ ਚਲਾ ਗਿਆ ਸੀ। ਜਦੋਂ ਇਸ ਬੱਚੀ ਨੂੰ ਪ੍ਰਾਪਤ ਕੀਤਾ ਤਾਂ ਉਹ ਸਰੀਰਕ ਤੌਰ ’ਤੇ ਕਾਫੀ ਕਮਜ਼ੋਰ ਤੇ ਬਿਮਾਰ ਸੀ। ਮਗਰੋਂ ਉਸ ਨੂੰ ਗੁਰਮਿਸਰਨਜੀਤ ਕੌਰ ਸਹਾਇਕ ਕਮਿਸ਼ਨਰ ਤੇ ਗੁਰਪ੍ਰੀਤ ਕੌਰ ਜੌਹਲ ਸੂਦਨ ਚੇਅਰਪਰਸਨ ਰੈੱਡ ਕਰਾਸ ਸੁਸਾਇਟੀ ਦੀ ਟੀਮ ਵੱਲੋਂ ਤੁਰੰਤ ਪਾਰਬਤੀ ਹਸਪਤਾਲ ਅੰਮ੍ਰਿਤਸਰ ਦਾਖਲ ਕਰਾਇਆ ਗਿਆ। ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ’ਤੇ ਬਾਲ ਭਲਾਈ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਅਤ ਭਵਿੱਖ ਅਤੇ ਪਾਲਣ ਪੋਸ਼ਣ ਲਈ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਹਵਾਲੇ ਕੀਤਾ ਗਿਆ ਹੈ। ਪ੍ਰਧਾਨ ਜਸਬੀਰ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਝਾੜੀਆਂ, ਰੂੜੀਆਂ ਤੇ ਰੇਲਵੇ ਲਾਈਨਾਂ ਆਦਿ ਥਾਵਾਂ ’ਤੇ ਲਾਵਾਰਸ ਹਾਲਤ ’ਚ ਸੁੱਟਣਾ ਕਾਨੂੰਨਨ ਜੁਰਮ ਹੈ। ਜੇ ਕੋਈ ਆਪਣੇ ਬੱਚਿਆਂ ਦੀ ਸੰਭਾਲ ਅਤੇ ਪਾਲਣ ਪੋਸ਼ਣ ਨਹੀਂ ਕਰ ਸਕਦਾ ਤਾਂ ਉਹ ਬੇਝਿਜਕ ਬੱਚੇ ਨੂੰ ਪੰਘੂੜਾ ਘਰ ’ਚ ਰੱਖ ਸਕਦਾ ਹੈ। ਉਸ ਖ਼ਿਲਾਫ਼ ਕੋਈ ਪੁਲੀਸ ਕਾਰਵਾਈ ਨਹੀਂ ਹੋਵੇਗੀ।