ਪਤਨੀ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰਗਗਨਦੀਪ ਅਰੋੜਾ
ਲੁਧਿਆਣਾ, 30 ਸਤੰਬਰ
ਨਾਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪਤੀ ਨੂੰ ਪਤਨੀ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਦੀ ਕਿਸੇ ਨੂੰ ਭਿਣਕ ਨਾ ਲੱਗੇ, ਇਸ ਲਈ ਤਿੰਨੇ ਮੁਲਜ਼ਮਾਂ ਨੇ ਮਿਲ ਕੇ ਲਾਸ਼ ਦਾ ਜਲਦੀ ’ਚ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ। ਆਖਰਕਾਰ ਇੱਕ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਪੁਲੀਸ ਨੇ ਇਸ ਮਾਮਲੇ ’ਚ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪ੍ਰਤਾਪ ਨਗਰ ਵਾਸੀ ਮਨੀਸ਼ਾ, ਕੋਟ ਮੰਗਲ ਸਿੰਘ ਵਾਸੀ ਰਮੇਸ਼ ਤੇ ਬਰਫਤ ਅੰਸਾਰੀ ਵਜੋਂ ਹੋਈ ਹੈ।
ਜੁਆਇੰਟ ਕਮਿਸ਼ਨਰ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਗਿੱਲ ਰੋਡ ਵਾਸੀ ਸੰਦੀਪ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਸੀ ਕਿ ਮ੍ਰਿਤਕ ਰਾਮ ਲਖਨ ਉਸਦੀ ਭੂਆ ਦਾ ਲੜਕਾ ਸੀ। 20 ਸਤੰਬਰ ਨੂੰ ਉਹ ਗੁੰਮ ਹੋ ਗਿਆ ਸੀ। ਉਹ ਆਪਣੇ ਪੱਧਰ ’ਤੇ ਭਾਲ ਕਰਦੇ ਪਿੰਡ ਜਸਪਾਲ ਬਾਂਗਰ ਵੱਲ ਜਾ ਰਹੇ ਸਨ ਤਾਂ ਲੁਹਾਰਾ ਨਹਿਰ ਪੁਲ ਤੋਂ ਕੁਝ ਦੂਰੀ ’ਤੇ ਨਹਿਰ ਕਿਨਾਰੇ ਉਸਦੀ ਚੱਪਲ ਮਿਲੀ ਸੀ। ਉਸਦੀ ਭਾਬੀ ਮਨੀਸ਼ਾ ਨੇ ਪਛਾਣ ਕਰਕੇ ਦੱਸਿਆ ਕਿ ਇਹ ਚੱਪਲ ਰਾਮ ਲਖਨ ਦੀ ਹੈ। ਆਸਪਾਸ ਭਾਲ਼ ਕਰਦੇ ਹੋਏ ਲਾਸ਼ ਖੇਤਾਂ ’ਚੋਂ ਬਰਾਮਦ ਹੋ ਗਈ। ਸ਼ਿਕਾਇਤਕਰਤਾ ਨੂੰ ਸ਼ੱਕ ਸੀ ਕਿ ਰਾਮ ਲਖਨ ਦਾ ਕਤਲ ਹੋਇਆ ਹੈ। ਉਸਨੇ ਦੱਸਿਆ ਕਿ ਸਨ 2000 ਵਿੱਚ ਮਨੀਸ਼ਾ ਦਾ ਵਿਆਹ ਰਾਮ ਲਖਨ ਨਾਲ ਹੋਇਆ ਸੀ, ਉਸਦਾ ਭਰਾ ਹਮੇਸ਼ਾ ਦੱਸਦਾ ਸੀ ਕਿ ਮਨੀਸ਼ਾ, ਰਮੇਸ਼ ਤੇ ਬਰਫਤ ਅੰਸਾਰੀ ਵਿੱਚ ਨਾਜਾਇਜ਼ ਸਬੰਧਤ ਹਨ, ਜਿਸ ਦੇ ਚਲਦੇ ਦੋਵਾਂ ਵਿੱਚ ਲੜਾਈ ਵੀ ਰਹਿੰਦੀ ਸੀ। ਪੁਲੀਸ ਨੇ ਦੱਸਿਆ ਕਿ ਮਨੀਸ਼ਾ ਨੇ 21 ਸਤੰਬਰ ਨੂੰ ਫੋਨ ਕਰਕੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਰਾਮ ਲਖਨ ਗੁੰਮ ਹੋ ਗਿਆ ਹੈ, ਜਿਸ ਤੋਂ ਬਾਅਦ 22 ਸਤੰਬਰ ਨੂੰ ਉਸਦੀ ਲਾਸ਼ ਮਨੀਸ਼ਾ ਨੇ ਹੀ ਬਰਾਮਦ ਕੀਤੀ। ਸ਼ਿਕਾਇਤਕਰਤਾ ਦੇ ਦੋਸ਼ ਸੀ ਕਿ ਉਸਦੇ ਪਿੰਡ ਤੋਂ ਆਉਣ ਤੋਂ ਪਹਿਲਾਂ ਹੀ ਉਸਦਾ ਸਸਕਾਰ ਕਰ ਦਿੱਤਾ ਸੀ, ਉਸਦੇ ਕਹਿਣ ’ਤੇ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਤੇ ਪਤਾ ਲੱਗਿਆ ਕਿ ਮ੍ਰਿਤਕ ਦੀ ਘਰਵਾਲੀ ਨੇ ਆਪਣੇ ਪ੍ਰੇਮੀਆਂ ਸਣੇ ਉਸਦਾ ਕਤਲ ਕਰ ਦਿੱਤਾ ਸੀ।