ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 20 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਪਾਰਟੀ ਵਿੱਚ ਰਾਜ ਸਭਾ ਮੈਂਬਰੀ ਲਈ ਦੌੜ ਸ਼ੁਰੂ ਹੋ ਚੁੱਕੀ ਹੈ। ਸਿੱਧੇ ਤੌਰ ’ਤੇ ਦੋ ਵੱਕਾਰੀ ਵਿਧਾਨ ਸਭਾ ਸੀਟਾਂ ਅਮਰਗੜ੍ਹ ਅਤੇ ਮਾਲੇਰਕੋਟਲਾ ਦੀ ਚੋਣ ਵਿੱਚ ਤਕੜੇ ਥੰਮਾਂ ਨੂੰ ਢਾਅ ਕੇ ਜਸਵੰਤ ਸਿੰਘ ਗੱਜਨਮਾਜਰਾ ਅਤੇ ਡਾ. ਜਮੀਲ-ਉਰ ਰਹਿਮਾਨ ਨੂੰ ਜਿਤਾਉਣ ਦਾ ਦਾਅਵਾ ਕਰਨ ਵਾਲੇ ਮੁਸਲਿਮ ਸੰਗਠਨਾਂ ਨੇ ਵੀ ਘੱਟੋ ਘੱਟ ਇੱਕ ਸੀਟ ਆਪਣੀ ਕੌਮ ਲਈ ਮੰਗੀ ਹੈ। ਮੁਸਲਿਮ ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਮਾਲੇਰਕੋਟਲਾ ਰਿਆਸਤ, ਜੋ ਕਿ ਹੁਣ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਚੁੱਕੀ ਹੈ, ਨੂੰ ਰਾਜ ਸਭਾ ਵਿੱਚ ਨੁਮਾਇੰਦਗੀ ਨਹੀਂ ਦਿੱਤੀ। ‘ਆਪ’ ਦੇ ਘੱਟ ਗਿਣਤੀ ਸੈੱਲ ਦੇ ਸੂਬਾ ਸਕੱਤਰ ਹਾਸ਼ਿਮ ਸੂਫੀ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਕਰੀਬ ਇੱਕ ਦਰਜ਼ਨ ਮੁਸਲਿਮ ਸੰਗਠਨਾਂ ਦੇ ਆਹੁਦੇਦਾਰਾਂ ਤੇ ਕਾਰਕੁਨਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉੱਤਰੀ ਭਾਰਤ ਵਿੱਚ ਪਾਰਟੀ ਦੀ ਨੀਂਹ ਰੱਖਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਇਸ ਇਲਾਕੇ ਦੇ ਮੁਸਲਿਮ ਭਾਈਚਾਰੇ ਨੂੰ ਰਾਜ ਸਭਾ ਵਿੱਚ ਘੱਟੋ ਘੱਟ ਇੱਕ ਸੀਟ ਜ਼ਰੂਰ ਦਿੱਤੀ ਜਾਵੇ।