ਪੱਤਰ ਪ੍ਰੇਰਕ
ਮਾਛੀਵਾੜਾ, 17 ਜੂਨ
ਥਾਣਾ ਕੂੰਮਕਲਾਂ ਅਧੀਨ ਪੈਂਦੇ ਸਲੇਮਪੁਰ ਦੇ ਵਾਸੀ ਮੰਗਤ ਸਿੰਘ ਜੋ ਕਿ ਪੁਲੀਸ ਨੂੰ ਇੱਕ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਸੀ, ਉਸਦਾ ਹੀ ਕਤਲ ਹੋ ਜਾਣਾ ਪੁਲੀਸ ਲਈ ਸਿਰਦਰਦੀ ਬਣਿਆ ਹੋਇਆ ਹੈ। ਪਿੰਡ ਢੋਲਣਵਾਲ ਦੇ ਕਾਂਗਰਸੀ ਆਗੂ ਨਛੱਤਰ ਸਿੰਘ ਦੇ ਧੜੇ ’ਤੇ ਸਲੇਮਪੁਰ ਦੇ ਵਾਸੀ ਮੰਗਤ ਸਿੰਘ ਵਿਚਕਾਰ ਪਿਛਲੇ ਕਈ ਸਾਲਾਂ ਤੋਂ ਰੰਜਿਸ਼ ਚੱਲੀ ਆ ਰਹੀ ਸੀ ਅਤੇ ਦੋਵਾਂ ਧਿਰਾਂ ਵਿਚਕਾਰ ਕਈ ਵਾਰ ਲੜਾਈ ਝਗੜਾ ਵੀ ਹੋਇਆ। ਲੰਘੀ 31 ਮਾਰਚ ਨੂੰ ਵੀ ਦੋਵਾਂ ਧਿਰਾਂ ਵਿਚਕਾਰ ਕੂੰਮਕਲਾਂ ਸਰਕਾਰੀ ਹਸਪਤਾਲ ਵਿੱਚ ਖੂਨੀ ਝੜਪ ਹੋਈ ਸੀ, ਜਿਸ ਵਿੱਚ ਨਛੱਤਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਦੂਜੀ ਧਿਰ ਮੰਗਤ ਸਿੰਘ ਸਮੇਤ 23 ਵਿਅਕਤੀਆਂ ’ਤੇ ਕਾਤਲਾਨਾ ਹਮਲਾ ਕਰਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਸੀ। ਕੂੰਮਕਲਾਂ ਪੁਲੀਸ ਮੰਗਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਸੀ ਪਰ 15 ਜੂਨ ਦੀ ਰਾਤ ਨੂੰ ਆਪਣੇ ਭਰਾ ਨੂੰ ਮਿਲਣ ਆਇਆ ਮੰਗਤ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ’ਤੇ ਪੁਲੀਸ ਨੇ ਹੁਣ ਕਾਂਗਰਸੀ ਆਗੂ ਨਛੱਤਰ ਸਿੰਘ ਸਮੇਤ 21 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅੱਜ ਪੁਲੀਸ ਦੇ ਉੱਚ ਅਧਿਕਾਰੀ ਡੀਸੀਪੀ (ਡੀ) ਸਿਮਰਤਪਾਲ ਸਿੰਘ ਢੀਂਡਸਾ, ਏਡੀਸੀਪੀਰੁਪਿੰਦਰ ਕੌਰ ਭੱਟੀ, ਏਡੀਸੀਪੀ ਰੁਪਿੰਦਰ ਕੌਰ ਸਰਾਂ, ਏਸੀਪੀ ਮਨਦੀਪ ਸਿੰਘ ਸਿੱਧੂ, ਸੀਆਈਏ ਦੀ ਟੀਮ ਤੋਂ ਇਲਾਵਾ ਕੂੰਮਕਲਾਂ ਥਾਣਾ ਮੁਖੀ ਹਰਸ਼ਪਾਲ ਸਿੰਘ ਚਾਹਲ ਨੇ ਘਟਨਾ ਸਥਾਨ ਦਾ ਜਾਇਜ਼ਾ ਕੀਤਾ। ਕੂੰਮਕਲਾਂ ਥਾਣਾ ਮੁਖੀ ਹਰਸ਼ਪਾਲ ਸਿੰਘ ਚਾਹਲ ਨੇ ਘਟਨਾ ਸਥਾਨ ਦਾ ਜਾਇਜ਼ਾ ਕੀਤਾ। ਅੱਜ ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।