ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਦਸੰਬਰ
ਸਮਾਰਟ ਸਿਟੀ ਬਣੇ ਲੁਧਿਆਣਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਠੇਕੇਦਾਰਾਂ ਨੂੰ ਬਿੱਲ ਦੇਣ ਦੇ ਲਈ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਬੈਂਕ ਤੋਂ 100 ਕਰੋੜ ਰੁਪਏ ਦਾ ਲੋਨ ਲਵੇਗੀ। ਅਗਰ ਨਗਰ ਨਿਗਮ ਦੇ ਮੌਜੂਦਾ ਆਰਥਿਕ ਹਾਲਾਤ ਵੇਖੇ ਜਾਣ ਤਾਂ ਉਹ ਬਹੁਤੇ ਵਧਿਆ ਨਹੀਂ ਹੈ, ਪਰ ਚੋਣਾਂ ਹੋਣ ਕਾਰਨ ਸ਼ਹਿਰ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਵਿਕਾਸ ਕਾਰਜ ਕਰਨ ਵਾਲੇ ਠੇਕੇਦਾਰਾਂ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਅਗਰ ਪੇਮੈਂਟ ਨਾ ਮਿਲੀ ਤਾਂ ਉਹ ਕੰਮ ਨਹੀਂ ਕਰਨਗੇ, ਅਜਿਹੇ ਵਿੱਚ ਸੱਤਾਧਾਰੀ ਹੁਣ ਵਿਕਾਸ ਕਾਰਜਾਂ ਦੇ ਬਿੱਲ ਦੇਣ ਖਾਤਰ ਨਗਰ ਨਿਗਮ ਦੀ ਜ਼ਮੀਨ ਗਹਿਣੇ ਧਰ ਕੇ 100 ਕਰੋੜ ਰੁਪਏ ਦਾ ਕਰਜ਼ ਲੈਣਗੇ, ਇਸਦੇ ਲਈ ਮੰਗਲਵਾਰ ਨੂੰ ਹੋਣ ਵਾਲੇ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਇਸ ਪ੍ਰਸਤਾਅ ਨੂੰ ਰੱਖ ਕੇ ਹਰੀ ਝੰਡੀ ਦਿੱਤੀ ਜਾਏਗੀ।
ਦਰਅਸਲ, ਸ਼ਹਿਰ ਵਿੱਚ ਥਾਂ-ਥਾਂ ਵਿਕਾਸ ਕਾਰਜ ਤਾਂ ਕੀਤੇ ਜਾ ਰਹੇ ਹਨ, ਪਰ ਉਸਨੂੰ ਬਿੱਲ ਦਾ ਭੁਗਤਾਨ ਕਰਨ ਦੇ ਲਈ ਨਗਰ ਨਿਗਮ ਕੋਲ ਪੈਸੇ ਨਹੀਂ ਹਨ। ਨਗਰ ਨਿਗਮ ਦੀ ਆਮਦਨ ਵੀ ਉਨ੍ਹੀਂ ਨਹੀਂ ਹੈ ਕਿ ਉਹ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਪੂਰੀ ਹੋਵੇ, ਇਸ ਲਈ ਨਗਰ ਨਿਗਮ ਨੇ ਹੁਣ 100 ਕਰੋੜ ਰੁਪਏ ਦਾ ਲੋਨ ਲੈਣ ਦੀ ਯੋਜਨਾ ਤਿਆਰ ਕੀਤੀ। ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਰਿਕਵਰੀ ਤੇਜ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ।
ਨਗਰ ਨਿਗਮ ਨੇ ਇਸ ਤੋਂ ਪਹਿਲਾਂ ਵੀ 2020 ਤੇ 2021 ਵਿੱਚ ਆਪਣੇ ਸਲਾਨਾ ਬਜਟ ਵਿੱਚ ਲੋਨ ਲੈਣ ਦੀ ਗੱਲ ਆਖੀ ਸੀ, ਪਰ ਸਰਕਾਰ ਵੱਲੋਂ ਮੰਨਜ਼ੂਰੀ ਨਾ ਮਿਲਣ ਕਾਰਨ ਨਗਰ ਨਿਗਮ ਨੇ ਹੁਣ ਤੱਕ ਲੋਨ ਨਹੀਂ ਲਿੱਤਾ ਸੀ, ਹੁਣ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਹਨ ਤੇ ਸੱਤਾਧਾਰੀ ਚਾਹੁੰਦੇ ਹਨ ਕਿ ਵਿਕਾਸ ਕਾਰਜ਼ ਲਗਾਤਾਰ ਜਾਰੀ ਰਹਿਣ ਤਾਂ ਨਗਰ ਨਿਗਮ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਨਗਰ ਨਿਗਮ ਇਸ ਵਾਰ 14 ਸਾਲਾਂ ਲਈ ਲੋਨ ਲਵੇਗੀ, ਜਿਸਦੇ ਲਈ ਨਗਰ ਨਿਗਮ ਦੀ ਜਮਾਲਪੁਰ ਵਿੱਚ ਪਈ ਜ਼ਮੀਨ ਨੂੰ ਬੈਂਕ ਕੋਲ ਗਿਰਵੀ ਰੱਖਿਆ ਜਾਏਗਾ।