ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਨਗਰ ਨਿਗਮ ਨੇ ਅੱਜ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਬਾਜਵਾ ਨਗਰ ਪੁਲੀ ਤੋਂ ਸੁੰਦਰ ਨਗਰ ਦੀ ਪੁਲੀ ਤੱਕ 36 ਨਾਜਾਇਜ਼ ਕਬਜ਼ੇ ਹਟਾਏ। ਇਸ ਦੌਰਾਨ ਕਈ ਲੋਕਾਂ ਨੇ ਵਿਰੋਧ ਵੀ ਪ੍ਰਗਟਾਇਆ ਪਰ ਪੁਲੀਸ ਅਤੇ ਨਿਗਮ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਦਿਆਂ ਆਪਣੀ ਕਾਰਵਾਈ ਜਾਰੀ ਰੱਖੀ। ਇਨ੍ਹਾਂ ਵਿੱਚੋਂ ਬਹੁਤੇ ਨਾਜਾਇਜ਼ ਕਬਜ਼ਿਆਂ ਵਿੱਚ ਫੈਕਟਰੀਆਂ ਤੇ ਰਿਹਾਇਸ਼ੀ ਕਮਰੇ ਆਦਿ ਬਣੇ ਹੋਏ ਸਨ।
ਨਗਰ ਨਿਗਮ ਨੇ ਬੁੱਢੇ ਨਾਲੇ ਦੇ ਨਾਲੋਂ ਸੜਕ ਬਣਾਉਣ ਅਤੇ ਬੁੱਢੇ ਨਾਲੇ ਦੇ ਨਵੀਨੀਕਰਨ ਵਾਲੇ 650 ਕਰੋੜ ਦੇ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਇਸ ਦੇ ਆਸ-ਪਾਸ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਸ਼ਨਿਚਰਵਾਰ ਨੂੰ ਨਗਰ ਨਿਗਮ ਅਧਿਕਾਰੀ ਭਾਰੀ ਪੁਲੀਸ ਫੋਰਸ ਨਾਲ ਬਾਜਵਾ ਨਗਰ ਦੀ ਪੁਲੀ ਤੋਂ ਸੁੰਦਰ ਨਗਰ ਦੀ ਪੁਲੀ ਤੱਕ ਪਹੁੰਚੇ ਅਤੇ ਨਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚੋਂ ਕਈ ਕਬਜ਼ੇ ਫੈਕਟਰੀ ਵਾਲਿਆਂ ਨੇ ਕੀਤੇ ਸਨ ਅਤੇ ਕਈ ਥਾਵਾਂ ’ਤੇ ਲੋਕਾਂ ਨੇ ਕਮਰੇ ਬਣਾ ਕੇ ਕਿਰਾਏ ’ਤੇ ਦਿੱਤੇ ਹੋਏ ਸਨ। ਦੋ ਕੁ ਥਾਵਾਂ ’ਤੇ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਹਨ ਜਿਨ੍ਹਾਂ ਨੂੰ ਢਾਹੁਣ ਲਈ ਅਜੇ ਫ਼ੈਸਲਾ ਹੋਣਾ ਬਾਕੀ ਹੈ।
ਇਹ ਵੀ ਪਤਾ ਲੱਗਾ ਕਿ ਜਦੋਂ ਨਿਗਮ ਟੀਮ ਨੇ ਨਾਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕੀਤੇ ਤਾਂ ਕੁਝ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ। ਇਸ ਮੌਕੇ ਜੁਆਇੰਟ ਪੁਲੀਸ ਕਮਿਸ਼ਨਰ ਨਰਿੰਦਰ ਭਾਰਗਵ ਵੀ ਪੁਲੀਸ ਫੋਰਸ ਨਾਲ ਮੌਜੂਦ ਸਨ।
ਨਗਰ ਨਿਗਮ ਦੇ ਸੀਨੀਅਰ ਟਾਊਨ ਪਲਾਨਰ ਐੱਸਐੱਸ ਬਿੰਦਰਾ ਨੇ ਦੱਸਿਆ ਕਿ ਅੱਜ 36 ਨਾਜਾਇਜ਼ ਕਬਜ਼ੇ ਹਟਾਏ ਗਏ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਵਾਲੀ ਥਾਂ ’ਤੇ ਬਣੀਆਂ ਧਾਰਮਿਕ ਇਮਾਰਤਾਂ ਦਾ ਮਾਮਲਾ ਸਬੰਧਿਤ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜਗ੍ਹਾ ਖਾਲੀ ਹੋਣ ’ਤੇ ਸੀਵਰਜ ਲਾਈਨ ਵਿਛਾਈ ਜਾਵੇਗੀ, ਸੜਕ ਬਣਾਈ ਜਾਵੇਗੀ ਤੇ ਬੁੱਢੇ ਨਾਲੇ ਦੇ ਨਵੀਨੀਕਰਨ ਵਾਲਾ 650 ਕਰੋੜ ਵਾਲਾ ਪ੍ਰਾਜੈਕਟ ਨੇਪਰੇ ਚਾੜ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਨਿਗਮ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਅਨੁਸਾਰ ਬੁੱਢੇ ਨਾਲੇ ਦੇ ਨਾਲ ਲੋਕਾਂ ਨੇ ਲਗਭਗ 965 ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਦੱਸਣਯੋਗ ਹੈ ਕਿ ਤਾਜਪੁਰ ਰੋਡ, ਮੱਛੀ ਮਾਰਕੀਟ, ਕੇਂਦਰੀ ਜੇਲ੍ਹ ਨੇੜੇ ਕਬਜ਼ੇ ਆਮ ਦੇਖੇ ਜਾ ਸਕਦੇ ਹਨ।