ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਨਵੰਬਰ
ਇਥੇ ਕੌਮੀ ਮਾਰਗ ’ਤੇ ਜਾ ਰਹੀ ਇਕ ਕਾਰ ਨੂੰ ਅਚਨਚੇਤ ਅੱਗ ਲੱਗ ਗਈ। ਅੱਗ ਲੱਗਣ ਕਰਕੇ ਕਾਰ ਤਾਂ ਬੁਰੀ ਤਰ੍ਹਾਂ ਸੜ ਗਈ ਪਰ ਇਸ ’ਚ ਸਵਾਰ ਲੋਕਾਂ ਦੀ ਜਾਨ ਬਚ ਗਈ। ਹਾਦਸਾ ਲੁਧਿਆਣਾ-ਫ਼ਿਰੋਜ਼ਪੁਰ ਮਾਰਗ ’ਤੇ ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਪਰਦੇਸੀ ਢਾਬੇ ਕੋਲ ਵਾਪਰਿਆ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਮੁੱਖ ਮਾਰਗ ’ਤੇ ਯਕਦਮ ਭਾਜੜਾਂ ਪੈ ਗਈਆਂ, ਜਦੋਂ ਚੱਲਦੀ ਕਾਰ ਨੂੰ ਅੱਗ ਲੱਗੀ ਦਿਖਾਈ ਦਿੱਤੀ। ਦੇਖਦਿਆਂ ਹੀ ਅੱਗ ਵਧਣ ਲੱਗੀ, ਜਿਸ ਕਰਕੇ ਕਾਰ ਸਵਾਰਾਂ ਨੇ ਕਾਰ ਤੋਂ ਭੱਜ ਕੇ ਜਾਨ ਬਚਾਈ। ਮਿੰਟਾਂ ’ਚ ਹੀ ਅੱਗ ਦੀਆਂ ਲਪਟਾਂ ਉੱਠੀਆਂ ਅਤੇ ਕਾਰ ਸੜ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਵੇਰਵਿਆਂ ਅਨੁਸਾਰ ਇਹ ਡਸਟਰ ਕਾਰ ਗੁਰਮਿੰਦਰ ਸਿੰਘ ਵਾਸੀ ਲੁਧਿਆਣਾ ਦੀ ਸੀ। ਉਹ ਆਪਣੇ ਪਿਤਾ ਅਵਤਾਰ ਸਿੰਘ ਅਤੇ ਦੋਸਤ ਨਾਲ ਨਿੱਜੀ ਕੰਮ ਲਈ ਲੁਧਿਆਣਾ ਤੋਂ ਮੋਗਾ ਜਾ ਰਿਹਾ ਸੀ, ਜਦੋਂ ਗੱਡੀ ਨੂੰ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕਾਰ ਦੀਆਂ ਅਚਾਨਕ ਬਰੇਕਾਂ ਫੇਲ੍ਹ ਹੋਈਆਂ। ਬਰੇਕਾਂ ਨਾ ਲੱਗਣ ’ਤੇ ਉਸ ਨੇ ਗੱਡੀ ਨੂੰ ਮੁੱਖ ਮਾਰਗ ਤੋਂ ਪਾਸ ਕਰਕੇ ਰੋਕਣਾ ਸ਼ੁਰੂ ਕੀਤਾ ਅਤੇ ਗੱਡੀ ਰੁਕਦੇ ਹੀ ਸਭ ਤੋਂ ਪਹਿਲਾਂ ਇੰਜਣ ਕੋਲ ਅੱਗ ਦਿਖਾਈ ਦਿੱਤੀ। ਤਿੰਨੇ ਜਾਣੇ ਕਾਰ ’ਚੋਂ ਬਾਹਰ ਗਏ ਤੇ ਉਸੇ ਵੇਲੇ ਅੱਗ ਫੈਲ ਗਈ ਤੇ ਗੱਡੀ ਨੂੰ ਲਪੇਟੇ ’ਚ ਲੈ ਲਿਆ। ਨੇੜੇ ਰਹਿੰਦੇ ਲੋਕਾਂ ਤੇ ਰਾਹਗੀਰਾਂ ਨੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜੋ ਨਾਕਾਮ ਰਹੇ।