ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਜੂਨ
ਮਾਛੀਵਾੜਾ ਇੰਦਰਾ ਕਲੌਨੀ ਦੇ ਵਾਸੀ ਰੀਠੂ ਨਾਥ ਨੇ ਆਪਣੀ ਧੀ ਦੇ ਵਿਆਹ ਲਈ ਬੈਂਕ ’ਚ 30 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਜੋ ਕਿਸੇ ਹੋਰ ਖਾਤੇ ਵਿਚ ਜਮ੍ਹਾਂ ਹੋ ਗਏ ਅਤੇ ਅੱਜ ਇਹ ਗਰੀਬ ਪਰਿਵਾਰ ਆਪਣੀ ਰਾਸ਼ੀ ਲੈਣ ਲਈ ਕਦੇ ਬੈਂਕ ਤੇ ਪੁਲਸ ਥਾਣੇ ਦੇ ਚੱਕਰ ਲਗਾ ਰਿਹਾ ਹੈ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਰੀਠੂ ਨਾਥ ਨੇ ਦੱਸਿਆ ਕਿ ਉਸਦੀ ਲੜਕੀ ਸਲਮਾ ਦਾ ਖਾਤਾ ਇੰਡੀਅਨ ਬੈਂਕ ’ਚ ਹੈ, ਜਿਸ ਵਿਚ ਉਸਨੇ 30 ਮਾਰਚ ਨੂੰ 30,000 ਰੁਪਏ ਜਮ੍ਹਾਂ ਕਰਵਾ ਦਿੱਤਾ ਤਾਂ ਜੋ ਵਿਆਹ ਦੀ ਮਿਤੀ ਆਉਣ ’ਤੇ ਉਸ ਵਿਚੋਂ ਕਢਵਾ ਸਕੇ। ਰੀਠੂ ਨਾਥ ਨੇ ਦੱਸਿਆ ਕਿ ਜਦੋਂ ਉਸਦੀ ਧੀ ਦੇ ਸ਼ਗਨ ਦੀ ਮਿਤੀ ਤੈਅ ਹੋ ਗਈ ਤਾਂ ਉਹ ਬੈਂਕ ’ਚ ਪੈਸੇ ਕਢਵਾਉਣ ਗਿਆ ਤਾਂ ਉੱਥੋਂ ਪਤਾ ਲੱਗਾ ਕਿ ਉਸਦੇ ਖਾਤੇ ਵਿਚ ਰਾਸ਼ੀ ਹੀ ਨਹੀਂ ਹੈ। ਬੈਂਕ ਅਧਿਕਾਰੀਆਂ ਨੇ ਰੀਠੂ ਨਾਥ ਨੂੰ ਦੱਸਿਆ ਕਿ ਇਹ 30 ਹਜ਼ਾਰ ਰੁਪਏ ਉਸਦੀ ਧੀ ਸਲਮਾ ਦੇ ਖਾਤੇ ਦੀ ਬਜਾਏ ਮਾਛੀਵਾੜਾ ਦੀ ਹੀ ਰਹਿਣ ਵਾਲੀ ਸਲਮਾ ਦੇ ਖਾਤੇ ਵਿੱਚ ਜਮ੍ਹਾਂ ਹੋ ਗਿਆ, ਜਿਸ ਨੇ ਕਿ ਸਾਰੀ ਰਾਸ਼ੀ ਕਢਵਾ ਲਈ। ਬੈਂਕ ਵਾਲਿਆਂ ਵਲੋਂ ਜਦੋਂ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਪੈਸੇ ਕਢਵਾਉਣ ਵਾਲੀ ਸਲਮਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾ ਤਹਿਤ 30 ਹਜ਼ਾਰ ਰੁਪਏ ਭੇਜੇ ਹਨ ਜਿਸ ਤਹਿਤ ਉਨ੍ਹਾਂ ਕਢਵਾ ਕੇ ਖਰਚ ਲਏ। ਬੈਂਕ ਅਧਿਕਾਰੀਆਂ ਅਨੁਸਾਰ ਪੈਸੇ ਕਢਵਾਉਣ ਵਾਲੇ ਸਲਮਾ ਦੇ ਪਰਿਵਾਰਕ ਮੈਂਬਰਾਂ ਨੇ ਮੰਨਿਆ ਕਿ ਜਲਦ ਹੀ ਉਹ ਰੀਠੂ ਨਾਥ ਦੇ ਪੈਸੇ ਵਾਪਸ ਕਰ ਦੇਣਗੇ। ਰੀਠੂ ਨਾਥ ਨੇ ਦੱਸਿਆ ਕਿ ਅੱਜ ਕਈ ਦਿਨ ਹੋ ਗਏ ਉਹ ਬੈਂਕ ਤੇ ਪੈਸੇ ਕਢਵਾਉਣ ਵਾਲੇ ਪਰਿਵਾਰ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਨ੍ਹਾਂ ਦੀ ਰਾਸ਼ੀ ਵਾਪਸ ਕੀਤੀ ਜਾਵੇ ਪਰ ਉਸਦੀ ਕੋਈ ਸੁਣਵਾਈ ਨਾ ਹੋਈ। ਰੀਠੂ ਨਾਥ ਨੇ ਦੱਸਿਆ ਕਿ ਉਸਨੇ ਇਸ ਮਾਮਲੇ ਸਬੰਧੀ ਪੁਲੀਸ ਥਾਣਾ ਮਾਛੀਵਾੜਾ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਗਰੀਬ ਪਰਿਵਾਰ ਨੇ ਪੁਲੀਸ ਪ੍ਰਸਾਸ਼ਨ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸਦਾ 30 ਹਜ਼ਾਰ ਰੁਪਏ ਵਾਪਸ ਦਿਵਾਇਆ ਜਾਵੇ ਤਾਂ ਉਹ ਆਪਣੀ ਧੀ ਦਾ ਵਿਆਹ ਕਰ ਸਕੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਰੀਠੂ ਨਾਥ ਦੀ ਸ਼ਿਕਾਇਤ ਪੁੱਜ ਚੁੱਕੀ ਹੈ ਅਤੇ ਜਲਦ ਹੀ ਦੋਵਾਂ ਧਿਰਾਂ ਤੇ ਬੈਂਕ ਅਧਿਕਾਰੀਆਂ ਨੂੰ ਬੁਲਾ ਕੇ ਗਰੀਬ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇਗਾ।