ਸਤਵਿੰਦਰ ਬਸਰਾ
ਲੁਧਿਆਣਾ, 1 ਅਕਤੂਬਰ
ਸਥਾਨਕ ਗਿੱਲ ਦਾਣਾ ਮੰਡੀ ਵਿੱਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮੰਡੀ ਦੇ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਸਬੰਧਤ ਅਧਿਕਾਰੀਆਂ ਨੂੰ ਫੋਨ ’ਤੇ ਤਾੜਨਾ ਕਰਦਿਆਂ ਮੰਡੀ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਮੰਡੀ ਵਿੱਚ ਖੜ੍ਹੇ ਰਿਹੜੇ ਵਾਲਿਆਂ ਨੂੰ ਆਪਣੇ ਰਿਹੜੇ ਕਿਤੇ ਹੋਰ ਲਿਜਾਣ ਦੀ ਹਦਾਇਤ ਕੀਤੀ। ਵਿਧਾਇਕ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਣ ਦਾ ਭਰੋਸਾ ਦਿੱਤਾ। ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਮੰਡੀਆਂ ਵਿੱਚ ਢੁਕਵੇਂ ਪ੍ਰਬੰਧਾਂ ਦੀ ਸਥਾਨਕ ਗਿੱਲ ਦਾਣਾ ਮੰਡੀ ਦੇ ਮਾੜੇ ਪ੍ਰਬੰਧਾਂ ਨੇ ਪੋਲ ਖੋਲ੍ਹ ਦਿੱਤੀ। ਇਸ ਮੰਡੀ ਵਿੱਚ ਕੀਤੇ ਪ੍ਰਬੰਧਾਂ ਨੂੰ ਦੇਖਣ ਲਈ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਹਿਲਾਂ 12 ਵਜੇ ਦੌਰਾ ਕਰਨਾ ਸੀ, ਪਰ ਕਿਸੇ ਕਾਰਨ ਕਰਕੇ ਉਹ ਦੁਪਹਿਰ ਬਾਅਦ ਤਿੰਨ ਵਜੇ ਮੰਡੀ ਵਿੱਚ ਪਹੁੰਚੇ। ਹੈਰਾਨੀ ਦੀ ਗੱਲ ਇਹ ਹੈ ਕਿ ਏਨਾ ਸਮਾਂ ਮਿਲ ਜਾਣ ਦੇ ਬਾਵਜੂਦ ਮੰਡੀ ਵਿੱਚ ਸਫ਼ਾਈ ਆਦਿ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜਦੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਮੰਡੀ ਵਿੱਚ ਪੁੱਜਿਆ ਤਾਂ ਉਥੇ ਫੜ੍ਹ ’ਤੇ ਟੈਂਟ ਦਾ ਸਾਮਾਨ ਸੁੱਕਣਾ ਪਾਇਆ ਹੋਇਆ ਸੀ। ਸ਼ੈੱਡ ਦੇ ਥੱਲੇ ਲੋਕਾਂ ਨੇ ਕੱਪੜੇ ਤੱਕ ਸੁੱਕਣੇ ਪਾ ਰੱਖੇ ਸਨ। ਇਸ ਨੂੰ ਦੇਖਦਿਆਂ ਹੀ ਵਿਧਾਇਕ ਨੇ ਫੋਨ ’ਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧ ਢੁਕਵੇਂ ਨਾ ਕੀਤੇ ਗਏ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਮਾਮਲਾ ਚੁੱਕਣਗੇ।
ਇਸ ਮੌਕੇ ਸ੍ਰੀ ਸਿੱਧੂ ਨੇ ਅਧਿਕਾਰੀਆਂ ਨੂੰ ਮੰਡੀ ਵਿੱਚ ਪਾਣੀ, ਲਾਈਟਾਂ, ਬੈਠਣ , ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦਾ ਸਮਾਂਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ। ਵਿਧਾਇਕ ਨੇ ਅਧਿਕਾਰੀਆਂ ਨੂੰ ਕਿਹਾ ਕਿ ਟਰਾਂਸਪੋਰਟ, ਭੁਗਤਾਨ, ਬਾਰਦਾਨੇ ਤੇ ਲਿਫਟਿੰਗ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਬਾਹਰੋਂ ਝੋਨੇ ਦੀ ਆਮਦ ਨੂੰ ਰੋਕਣ ਲਈ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਖੰਨਾ ਤੇ ਸਮਰਾਲਾ ਦੀਆਂ ਮੰਡੀਆਂ ਵਿੱਚ ਖ਼ਰੀਦ ਸ਼ੁਰੂ
ਖੰਨਾ (ਨਿੱਜੀ ਪੱਤਰ ਪ੍ਰੇਰਕ): ਏਸ਼ੀਆਂ ਦੀ ਵੱਡੀ ਅਨਾਜ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿੱਚ ਝੋਨੇ ਦੀ ਨਵੀਂ ਫ਼ਸਲ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇੱਥੇ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 187 ਲੱਖ ਟਨ ਝੋਨੇ ਦੀ ਸਰਕਾਰੀ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਝੋਨੇ ਦੀ ਖ਼ਰੀਤ ਲਈ 36,999 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ, ਜਦੋਂ ਕਿ ਕੈਸ਼ ਕਰੈਡਿਟ ਲਿਮਟ ਦੀ ਬਾਕੀ ਰਕਮ 7500 ਕਰੋੜ ਰੁਪਏ ਨਵੰਬਰ ਮਹੀਨੇ ਵਿਚ ਜਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਬੇਮੌਸਮੀ ਮੀਂਹ ਅਤੇ ਝੋਨੇ ਦੀ ਫ਼ਸਲ ਤੇ ਚੀਨੀ ਵਾਇਰਸ ਦੇ ਹਮਲੇ ਕਰਕੇ ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਪਰ ਖੇਤੀ ਮਾਹਿਰਾਂ ਨੇ ਇੱਕ ਫੀਸਦ ਤੋਂ ਵੱਧ ਝਾੜ ਘਟਣ ਦਾ ਖਦਸ਼ਾ ਜਤਾਇਆ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਐੱਸ.ਐੱਸ. ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਸਮਰਾਲਾ (ਪੱਤਰ ਪੇ੍ਰਕ): ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਹਲਕਾ ਸਮਰਾਲਾ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਥਾਨਕ ਮੰਡੀ ’ਚ ਸਰਕਾਰੀ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਨੇ ਝੋਨੇ ਦੀ ਖ਼ਰੀਦ ਤੋਂ ਲੈ ਕੇ ਲਿਫਟਿੰਗ ਤੱਕ ਦੇ ਸਾਰੇ ਪ੍ਰਬੰਧ ਬਹੁਤ ਪਾਰਦਰਸ਼ੀ ਢੰਗ ਨਾਲ ਕੀਤੇ ਹਨ। ਇਸ ਮੌਕੇ ਆੜਤੀ ਹਰਪਾਲ ਸਿੰਘ ਢਿੱਲੋਂ, ਆਲਮਦੀਪ ਸਿੰਘ ਮੱਲਮਾਜਰਾ, ਪਰਮਿੰਦਰ ਸਿੰਘ ਪਾਲਮਾਜਰਾ, ਰਿੰਕੂ ਥਾਪਰ, ਪੀ.ਏ. ਸੁਖਵਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।