ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਮਈ
ਅੱਜ ਲੁਧਿਆਣਾ ਵਿੱਚ ਇੱਕ ਸਿੱਖ, ਇੱਕ ਮੁਸਲਮਾਨ ਅਤੇ ਇੱਕ ਹਿੰਦੂ ਨੇ ਮੰਦਰ ’ਚ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਇੱਕ ਮੁਸਲਮਾਨ ਅੱਜ ਇੱਕ ਸਿੱਖ ਵਿਧਾਇਕ ਨੂੰ ਈਦ ਦੇ ਸਬੰਧ ਵਿੱਚ ਇਫ਼ਤਾਰ ਪਾਰਟੀ ਲਈ ਸੱਦਾ ਦੇਣ ਲਈ ਮੰਦਰ ਗਿਆ।
ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਐਡਵੋਕੇਟ ਅਬਦੁਲ ਕਾਦਿਰ ਉਨ੍ਹਾਂ ਨੂੰ ਈਦ ਸਬੰਧੀ ਇਫ਼ਤਾਰ ਪਾਰਟੀ ਲਈ ਸੱਦਾ ਦੇਣਾ ਚਾਹੁੰਦੇ ਸਨ। ਵਿਧਾਇਕ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਕ੍ਰਿਸ਼ਨਾ ਮੰਦਰ ਵਿੱਚ ਸਨ ਜਿਸ ਤੋਂ ਬਾਅਦ ਐਡਵੋਕੇਟ ਅਬਦੁਲ ਕਾਦਿਰ ਉੱਥੇ ਪਹੁੰਚੇ। ਉਨ੍ਹਾਂ ਦੇ ਮੰਦਰ ਪਹੁੰਚਣ ’ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ‘ਮਾਤਾ ਰਾਣੀ ਦੀ ਚੁੰਨੀ’ ਦੇ ਕੇ ਸਨਮਾਨਿਤ ਕੀਤਾ।
ਵਿਧਾਇਕ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਕਈ ਸਵਾਰਥੀ ਲੋਕ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਥੇ ਅੱਜ ਉਨ੍ਹਾਂ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਅਜਿਹੇ ਸਵਾਰਥੀ ਹਿੱਤਾਂ ਨੂੰ ਆਪਣੇ ਲੁਕਵੇਂ ਏਜੰਡੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।