ਪੱਤਰ ਪ੍ਰੇਰਕ
ਸਮਰਾਲਾ, 19 ਸਤੰਬਰ
ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਰੋਨਾ ਮਹਾਮਾਰੀ ਕਾਰਨ ਤੰਗ ਝੱਲ ਰਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦੇ ਹੋਏ ਅੱਜ ਪਹਿਲੇ ਗੇੜ ਵਿੱਚ ਸ਼ਹਿਰ ਦੇ 400 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੰਭਵ ਮੱਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਨਾਲ ਲੜਾਈ ਹਾਲੇ ਲੰਬੀ ਹੈ, ਇਸ ਲਈ ਸੂਬੇ ਦੀ ਕੈਪਟਨ ਸਰਕਾਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੀ ਸਹਾਇਤਾ ਲਈ ਵਚਨਬੱਧ ਹੈ। ਸ੍ਰੀ ਢਿੱਲੋਂ ਨੇ ਐਲਾਨ ਕੀਤਾ ਕਿ ਸਮਰਾਲਾ ਸ਼ਹਿਰ ਦੇ 2 ਹਜ਼ਾਰ ਹੋਰ ਲੋੜਵੰਦ ਪਰਿਵਾਰਾਂ ਤੱਕ ਇਹ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਲਾਗ ਦੀ ਬੀਮਾਰੀ ਤੋਂ ਬਚਾਅ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਕਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਪੀੜਿਤਾਂ ਦੇ ਇਲਾਜ਼ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਕੌਂਸਲਰ ਸਨੀ ਦੂਆ, ਚੇਅਰਮੈਨ ਮਾਰਕੀਟ ਕਮੇਟੀ ਸੁਖਬੀਰ ਸਿੰਘ ਪੱਪੀ, ਪੀ.ਏ. ਲਬੀ ਢਿੱਲੋਂ, ਸੁਰਜੀਤ ਸਿੰਘ, ਦਰਸ਼ਨ ਕੁਮਾਰ ਬਿੱਲਾ ਆਦਿ ਹਾਜ਼ਰ ਸਨ।
ਸਮਾਰਟ ਰਾਸ਼ਨ ਕਾਰਡਾਂ ਦੀ ਸ਼ੁਰੂਆਤ
ਜਗਰਾਉਂ (ਪੱਤਰ ਪ੍ਰੇਰਕ): ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਰਾਸ਼ਨ ‘ਸਮਾਰਟ ਕਾਰਡਾਂ’ ਦੀ ਵੰਡ ਦੀ ਸ਼ੁਰੂਆਤ ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਤੋਂ ਕੀਤੀ ਗਈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਗਰਗ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਨਵੀਂ ਤਕਨੀਕ ਨਾਲ ਤਿਆਰ ਚਿੱਪ ਵਾਲੇ ਕਾਰਡਾਂ ਨਾਲ ਵੰਡ ਪਾਰਦਰਸ਼ੀ ਹੋਵੇਗੀ ਅਤੇ ਹਰ ਲੋੜਵੰਦ ਨੂੰ ਪੂਰਾ ਰਾਸ਼ਨ ਪ੍ਰਾਪਤ ਹੋਵੇਗਾ। ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਸੂਬਾ ਸਰਕਾਰ ਵੱਲੋਂ ਜਾਰੀ ਹੋਰ ਸਹੂਲਤਾਂ ਬਾਰੇ ਚਾਨਣਾ ਪਾਇਆ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੁਰੇਸ਼ ਗਰਗ ਨੇ ਪਿੰਡ ਦੇ ਸੀਵਰੇਜ ਪ੍ਰਬੰਧਾਂ ਲਈ 7.65 ਲੱਖ ਦਾ ਚੈੱਕ ਭੇਟ ਕੀਤਾ। ਸਮਾਗਮ ’ਚ ਯੂਥ ਆਗੂ ਮਨੀ ਗਰਗ,ਜਗਜੀਤ ਕਾਉਂਕੇ,ਸਮਿਤੀ ਮੈਂਬਰ ਜੀਵਨ ਬਾਘੀਆਂ,ਪ੍ਰੀਤਮ ਸਿੰਘ,ਗੁਰਬਚਨ ਸਿੰਘ ਹਾਜ਼ਰ ਸਨ ।