ਗੁਰਿੰਦਰ ਸਿੰਘ
ਲੁਧਿਆਣਾ, 26 ਅਗਸਤ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਗਵਾਈ ਹੇਠ ਦੁੱਧ ਉਤਪਾਦਕ ਕਿਸਾਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਬਾਹਰ ਅਣਮਿੱਥੇ ਸਮੇਂ ਲਈ ਦਿੱਤਾ ਧਰਨਾ ਅੱਜ ਸਮਾਪਤ ਹੋ ਗਿਆ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਦੁੱਧ ਉਤਪਾਦਕ ਜਥੇਬੰਦੀ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੁੱਧ ਉਤਪਾਦਕਾਂ ਦੀਆਂ ਮੰਗਾਂ ਸਬੰਧੀ ਵਿਸਥਾਰਤ ਗੱਲਬਾਤ ਹੋਈ ਹੈ, ਜਿਸ ਵਿੱਚ ਉਨ੍ਹਾਂ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਹੈ ਜਿਸ ਤੋ ਬਾਅਦ ਉਨ੍ਹਾਂ ਧਰਨਾ ਸਮਾਪਤ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਦੁੱਧ ਉਤਪਾਦਕ ਕਿਸਾਨਾਂ ਨੂੰ 35 ਰੁਪਏ ਪ੍ਰਤੀ ਕਿਲੋ ਫੈਟ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ 1 ਮਈ ਤੋਂ ਲਾਗੂ ਹੋਵੇਗਾ ਅਤੇ ਦੁੱਧ ਉਤਪਾਦਕਾਂ ਦੇ ਖ਼ਰੀਦੇ ਹੋਏ ਦੁੱਧ ਦੀ ਬਕਾਇਆ ਰਾਸ਼ੀ 15 ਸਤੰਬਰ ਤੋਂ ਪਹਿਲਾਂ ਪਹਿਲਾਂ ਅਦਾ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਨਕਲੀ ਦੁੱਧ ਦੀ ਵਿਕਰੀ ਸਬੰਧੀ ਮੁੱਖ ਮੰਤਰੀ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਵਿਚਾਰ ਵਟਾਂਦਰਾ ਕਰਕੇ ਮਿਲਾਵਟੀ ਦੁੱਧ ਵੇਚਣ ਵਾਲੇ ਮਾਫ਼ੀਏ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਵਿਸ਼ੇਸ਼ ਕਾਨੂੰਨ ਲਿਆਏਗੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੁੱਧ ਦੇ ਉਤਪਾਦਨ ਅਤੇ ਮੰਗ ਵਿੱਚ 40 ਫ਼ੀਸਦੀ ਦਾ ਅੰਤਰ ਹੈ ਪਰ ਇਸਦੇ ਬਾਵਜੂਦ ਦੁੱਧ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਬਾਹਰ ਦਿੱਤੇ ਧਰਨੇ ਦੌਰਾਨ ਵੀ ਲੋਕਾਂ ਨੂੰ ਦੁੱਧ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਨਕਲੀ ਦੁੱਧ ਹੀ ਲੋਕਾਂ ਦੀ ਮੰਗ ਪੂਰੀ ਕਰ ਰਿਹਾ ਹੈ।
ਲੰਪੀ ਸਕਿਨ ਬਿਮਾਰੀ ਨਾਲ ਮਰਨ ਵਾਲੇ ਡੰਗਰਾਂ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਲਈ ਵੀ ਵਿਚਾਰ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਅੱਗੇ ਲੰਪੀ ਸਕਿਨ ਬਿਮਾਰੀ ਨੂੰ ਕੁਦਰਤੀ ਆਫ਼ਤਾਂ ਵਜੋਂ ਮੰਨ ਕੇ ਪ੍ਰਭਾਵਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਦੁੱਧ ਉਤਪਾਦਕ ਕਿਸਾਨਾਂ ਨੇ ਆਪਣਾ ਮੋਰਚਾ ਖ਼ਤਮ ਕਰ ਦਿੱਤਾ ਹੈ ਪਰ ਅਗਲੇ ਦਿਨਾਂ ਦੌਰਾਨ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਮੁੜ ਵਿਚਾਰ-ਵਟਾਂਦਰਾ ਕਰ ਕੇ ਅਗਲਾ ਪ੍ਰੋਗਰਾਮ ਤਿਆਰ ਕਰੇਗੀ। ਇਸ ਮੌਕੇ ਜਗਦੇਵ ਸਿੰਘ ਕਾਨਿਆਂਵਾਲੀ, ਵੀਰਪਾਲ ਸਿੰਘ ਘੁੰਗਰਾਣਾ ਹਾਜ਼ਰ ਸਨ।