ਪੱਤਰ ਪ੍ਰੇਰਕ
ਜਗਰਾਉਂ, 28 ਅਕਤੂਬਰ
ਪੁਲੀਸ ਥਾਣਾ ਹਠੂਰ ਨੇ ਇੱਕ ਸਬਜ਼ੀ ਵੇਚਣ ਵਾਲੇ ਪਰਵਾਸੀ ਮਜ਼ਦੂਰ ਨੂੰ ਰਸਤੇ ਵਿੱਚ ਘੇਰ ਕੇ ਕੁੱਟ-ਮਾਰ ਕਰਕੇ ਨਕਦੀ ਅਤੇ ਸਬਜ਼ੀ ਲੁੱਟਣ ਵਾਲੇ ਦੋ ਕਾਰ ਸਵਾਰਾਂ ਖਿਲਾਫ ਕੇਸ ਦਰਜ ਕੀਤਾ ਹੈ। ਮਜ਼ਦੂਰ ਮੁਕੇਸ਼ ਪਾਸਵਾਨ ਵਾਸੀ ਸਮਸਤਪੁਰ (ਬਿਹਾਰ) ਨੇ ਦੱਸਿਆ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਉਹ ਮੋਟਰਸਾਈਕਲ ਰੇਹੜੇ ’ਤੇ ਝੋਰੜਾਂ ਤੋਂ ਮਾਣੂੰਕੇ ਪਿੰਡ ਨੂੰ ਸਬਜ਼ੀ ਵੇਚਣ ਜਾ ਰਿਹਾ ਸੀ । ਅਚਾਨਕ ਉਸ ਦੇ ਸਾਹਮਣੇ ਪੀਬੀ.19 ਡੀ 5612 ਨੰਬਰੀ ਅਲਟੋ ਕਾਰ ਆ ਕੇ ਰੁਕੀ ਜਿਸ ਵਿੱਚੋਂ ਦੋ ਨੌਜਵਾਨ ਉੱਤਰੇ ਅਤੇ ਕਹਿਣ ਲੱਗੇ ਕਿ ਤੂੰ ਪਿਛਲੇ ਪਿੰਡ ਝੋਰੜਾਂ ਵਿੱਚ ਲੜਕੀ ਨੂੰ ਛੇੜ ਕੇ ਆਇਆਂ ਹੈਂ। ਉਨ੍ਹਾਂ ਨੇ ਮੁਕੇਸ਼ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਮੋਟਰਸਾਈਕਲ ਰੇਹੜਾ ਕਾਰ ਦੇ ਅੱਗੇ ਲਗਾਉਣ ਲਈ ਕਿਹਾ । ਨੌਜਵਾਨ ਮੁਕੇਸ਼ ਨੂੰ ਦੋਵਾਂ ਪਿੰਡਾਂ ਦੇ ਵਿਚਕਾਰ ਪੈਂਦੇ ਸ਼ੈਲਰਾਂ ਕੋਲ ਲੈ ਗਏ ਅਤੇ ਫਿਰ ਕੁੱਟਣਲੱਗੇ । ਮੁਕੇਸ਼ ਮੌਕਾ ਤਾੜ ਕੇ ਭੱਜ ਨਿਕਲਿਆ ਉਨ੍ਹਾਂ ਨੇ ਉਸ ਕੋਲੋਂ 3500 ਰੁਪਏ, ਤਿੰਨ ਪੇਟੀਆਂ ਸੇਬ, 10 ਕਿੱਲੋ ਦੇ ਕਰੀਬ ਅਦਰਕ, ਮਟਰ,ਗੋਭੀ ਆਦਿ ਆਪਣੀ ਗੱਡੀ ਵਿੱਚ ਰੱਖ ਕੇ ਲੈ ਗਏ । ਪੁਲੀਸ ਨੇ ਗੱਡੀ ਦੇ ਨੰਬਰ ਦੀ ਪਛਾਣ ਕਰਦੇ ਹੋਏ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਤਿੰਦਰਜੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਕਾਲਸਾਂ (ਰਾਏਕੋਟ) ਅਤੇ ਇੰਦਰਜੀਤ ਸਿੰਘ ਵਾਸੀ ਪਿੰਡ ਮਾਣੂੰਕੇ ਖਿਲਾਫ ਕੇਸ ਦਰਜ ਕਰ ਲਿਆ ਹੈ।