ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਪਰੈਲ
ਸਨਅਤੀ ਸ਼ਹਿਰ ਵਿੱਚ ਗਰਮੀ ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਅੱਜ ਸ਼ਹਿਰ ਵਿੱਚ ਪਾਰਾ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਇਸ ਸਾਲ ਅਪਰੈਲ ਮਹੀਨੇ ਵਿੱਚ ਸਭ ਤੋਂ ਵੱਧ ਹੈ।
ਪੀਏਯੂ ਦੀ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਆਉਂਦੇ ਦਿਨਾਂ ਵਿੱਚ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਪਹਿਲਾਂ ਹੀ ਗਰਮ ਰਹਿਣ ਵਾਲਾ ਲੁਧਿਆਣਾ ਅੱਜ ਸਾਰਾ ਦਿਨ ਤਪਦਾ ਰਿਹਾ। ਸਵੇਰੇ ਸੂਰਜ ਨਿਕਲਦਿਆਂ ਹੀ ਗਰਮੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਜੋ ਦੁਪਹਿਰ ਸਮੇਂ ਪੂਰੇ ਸਿਖਰ ’ਤੇ ਰਹੀ। ਜੇਕਰ ਪੀਏਯੂ ਮੌਸਮ ਮਾਹਿਰ ਡਾ. ਕੇਕੇ ਗਿੱਲ ਦੀ ਮੰਨੀਏ ਤਾਂ ਅਪਰੈਲ ਮਹੀਨੇ ਔਸਤਨ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਦਰਜ ਹੈ ਪਰ ਅੱਜ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਜਾ ਪੁੱਜਾ। ਡਾ. ਗਿੱਲ ਅਨੁਸਾਰ ਜੇਕਰ ਪਿਛਲੇ ਸਾਲਾਂ- 2018, 2019, 2020 ਅਤੇ 2021 ਦੇ ਅਪਰੈਲ ਮਹੀਨਿਆਂ ਦੇ ਤਾਪਮਾਨ ’ਤੇ ਨਜ਼ਰ ਮਾਰੀਏ ਤਾਂ ਅੱਜ ਦਾ ਤਾਪਮਾਨ ਸਭ ਤੋਂ ਵੱਧ ਰਿਹਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਗਰਮ ਹਵਾਵਾਂ ਇਸੇ ਤਰਾਂ ਚੱਲਦੀਆਂ ਰਹਿਣ ਕਰਕੇ ਗਰਮੀ ਹੋਰ ਵਧਣ ਦੇ ਆਸਾਰ ਹਨ। ਇਸ ਵਧੀ ਗਰਮੀ ਦੌਰਾਨ ਫਲਾਂ ਅਤੇ ਸਬਜੀਆਂ ਦੀਆਂ ਫਸਲਾਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ। ਦੂਜੇ ਪਾਸੇ ਇਸ ਗਰਮੀ ਤੋਂ ਬਚਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਦੇਖੇ ਗਏ। ਗਰਮੀ ਕਰਕੇ ਦੁਪਹਿਰ ਸਮੇਂ ਬਹੁਤੀਆਂ ਸੜ੍ਹਕਾਂ ’ਤੇ ਸੁੰਨ੍ਹ ਪੱਸਰੀ ਰਹੀ।
ਛੋਟੇ ਬੱਚਿਆਂ ਨੂੰ ਸਕੂਲਾਂ ਤੋਂ ਘਰਾਂ ਨੂੰ ਲੈ ਕਿ ਜਾਣ ਸਮੇਂ ਮਾਪਿਆਂ ਨੇ ਵੀ ਆਪਣੇ ਅਤੇ ਆਪਣੇ ਬੱਚਿਆਂ ਦੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸਨ। ਇਸ ਗਰਮੀ ਕਾਰਨ ਸ਼ਹਿਰ ਵਿੱਚ ਸ਼ਿੰਕਜਵੀਂ ਅਤੇ ਗੰਨੇ ਦਾ ਰਸ ਆਦਿ ਵੇਚਣ ਵਾਲਿਆਂ ਕੋਲ ਆਮ ਦਿਨਾਂ ਦੇ ਮੁਕਾਬਲੇ ਗ੍ਰਾਹਕਾਂ ਦੀ ਗਿਣਤੀ ਵੀ ਕੁੱਝ ਜਿਆਦਾ ਦਿਖਾਈ ਦਿੱਤੀ। ਸਮਾਜ ਸੇਵੀ ਜਥੇਬੰਦੀਆਂ ਅਤੇ ਦਾਨੀ ਸੱਜਣਾਂ ਨੇ ਵੀ ਥਾਂ-ਥਾਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ।