ਮਹੇਸ਼ ਸ਼ਰਮਾ /ਕੁਲਵਿੰਦਰ ਸਿੰਘ ਗਿੱਲ
ਮੰਡੀ ਅਹਿਮਦਗੜ੍ਹ/ ਕੁੱਪ ਕਲਾਂ, 3 ਨਵੰਬਰ
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਮਾਲੇਰਕੋਟਲਾ ਅਤੇ ਕੁੱਪ ਕਲਾਂ ਦੀਆਂ ਦਾਣਾ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਗੱਲਾ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਖਰੀਦ ਏਜੰਸੀਆਂ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਝੋਨੇ ਦੀ ਪੈਦਾਵਾਰ ਵਿੱਚ ਤੀਹ ਫ਼ੀਸਦੀ ਤੱਕ ਆਈ ਕਮੀ ਦੇ ਮੁਆਵਜ਼ੇ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਆੜ੍ਹਤੀਆਂ ਤੇ ਗੱਲਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਵੀ ਅਣਸੁਣਿਆ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਸੁਰਿਦੰਰ ਕੁਰੜਛਾਪਾ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਕਿਸੇ ਆਗੂ ਨੇ ਇਸ ਅਹਿਮ ਮਸਲੇ ਦੇ ਹੱਲ ਲਈ ਯੋਜਨਾਬੰਦ ਢੰਗ ਨਾਲ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਇਸ ਫਸਲ ਦੀ ਅਦਾਇਗੀ ਵੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਹੈ। ਇਸ ਕਾਰਨ ਕਈ ਕਿਸਾਨਾਂ ਵੱਲੋਂ ਅਦਾਇਗੀ ਨਾ ਕਰਨ ’ਤੇ ਮਜ਼ਦੂਰ ਪ੍ਰੇਸ਼ਾਨ ਹਨ। ਆੜ੍ਹਤੀਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਸਾਫ਼ ਆਦਿ ਕਰਨ ਲਈ ਜਿਹੜੇ ਗੱਲਾ ਮਜ਼ਦੂਰ ਦਿਨ ਰਾਤ ਕੰਮ ਕਰਦੇ ਹਨ ਉਨ੍ਹਾਂ ਦੀ ਬਣਦੀ ਅਦਾਇਗੀ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਅੱਜ ਦਾਣਾ ਮੰਡੀ ਮਲੌਦ ਤੇ ਪਾਇਲ ਦਾ ਦੌਰਾ ਕੀਤਾ। ਇਸ ਮੌਕੇ ਕਿਸਾਨਾਂ ਨੇ ਝੋਨੇ ਦੀ ਪੂਸਾ ਕਿਸਮ ਦਾ ਇਸ ਵਾਰ ਝਾੜ ਘੱਟ ਹੋਣ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਆੜ੍ਹਤੀਆਂ ਨੇ ਖਰੀਦ ਲਈ ਨਿਰਧਾਰਿਤ ਨਮੀ ਦੀ ਮਾਤਰਾ ਨੂੰ ਲੈ ਕੇ ਆ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ। ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੁਸ਼ਕਲਾਂ ਸੁਣਨ ਉਪਰੰਤ ਵਿਸ਼ਵਾਸ਼ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਸਾਬਕਾ ਪ੍ਰਧਾਨ ਅਮਰਦੀਪ ਮਟਕਣ, ਪ੍ਰਧਾਨ ਮਲਕੀਤ ਸਿੰਘ ਗੋਗਾ, ਪੀਏ ਰਣਜੀਤ ਸਿੰਘ ਪਾਇਲ ਹਾਜ਼ਰ ਸਨ।
ਖੰਨਾ ਮੰਡੀ ’ਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਆਮਦ ਘਟੀ
ਖੰਨਾ (ਜੋਗਿੰਦਰ ਸਿੰਘ ਓਬਰਾਏ): ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਬੋਰੀਆਂ ਦੇ ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਮੰਡੀ ਵਿਚ ਕਰੀਬ ਪੌਣੇ ਦੋ ਲੱਖ ਗੱਟੇ ਲਿਫਟਿੰਗ ਦੀ ਉਡੀਕ ਵਿਚ ਪਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ ਵਿਚ ਮੰਡੀਆਂ ਵਿੱਚੋਂ ਕੁੱਲ 21,33,461 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ ਅਤੇ ਇਸ ਵਾਰ ਕੱਲ੍ਹ ਤੱਕ 14,90,118 ਕੁਇੰਟਲ ਝੋਨੇ ਦੀ ਖਰੀਦ ਹੋਈ ਹੈ। ਪਿਛਲੇ ਸਾਲ ਨਾਲੋਂ ਕਰੀਬ 6,43,343 ਕੁਇੰਟਲ ਝੋਨਾ ਘੱਟ ਆਇਆ ਹੈ, ਜਿਸ ਵਿਚੋਂ 14,24, 402 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 65,716 ਕੁਇੰਟਲ ਝੋਨਾ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ। ਇਸ ਮੌਕੇ ਕਿਸਾਨ ਸੁਖਬੀਰ ਸਿੰਘ ਸੰਧੂ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਝੋਨੇ ਦੀ ਪੂਸਾ ਕਿਸਮ ਨੂੰ ਇਸ ਵਾਰ ਬਿਮਾਰੀ ਲੱਗ ਗਈ ਸੀ, ਜਿਸ ਕਾਰਨ ਝਾੜ ਘੱਟ ਨਿਕਲਿਆ। ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਲਿਫਟਿੰਗ ਕੀਤੀ ਜਾ ਰਹੀ ਹੈ ਜਲਦ ਹੀ ਪਈਆਂ ਬੋਰੀਆਂ ਦੀ ਵੀ ਲਿਫਟਿੰਗ ਕੀਤੀ ਜਾਵੇਗੀ। ਮੰਡੀ ਵਿਚ ਸਿਰਫ਼ 60 ਤੋਂ 65 ਹਜ਼ਾਰ ਗੱਟਾ ਅਣਲਿਫਟਿਡ ਹੈ।