ਗਗਨਦੀਪ ਅਰੋੜਾ
ਲੁਧਿਆਣਾ, 5 ਦਸੰਬਰ
ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਡੀਸੀ ਦਫ਼ਤਰ ਦੇ ਸਾਹਮਣੇ ਕੇਂਦਰ ਸਰਕਾਰ ਅਤੇ ਵੱਡੇ ਘਰਾਣਿਆਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪਾਰਟੀ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਇਨ੍ਹਾਂ ਕਾਨੂੰਨਾਂ ਨੂੰ ਤਰੁੰਤ ਰੱਦ ਕਰਨ ਦੀ ਮੰਗ ਕੀਤੀ। ਉਧਰ 8 ਦਸੰਬਰ ਨੂੰ ਕਿਸਾਨ ਯੂਨੀਅਨ ਦੇ ਭਾਰਤ ਬੰਦ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਲਿਪ ਦੇ ਜਨਰਲ ਸਕੱਤਰ ਰਣਧੀਰ ਸਿੰਘ ਸੀਵੀਆ ਤੇ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਜਿਸ ਵੇਲੇ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਲੈ ਕੇ ਆਈ ਸੀ, ਉਨ੍ਹਾਂ ਦੀ ਪਾਰਟੀ ਨੇ ਉਸੇ ਵੇਲੇ ਵਿਰੋਧ ਕੀਤਾ ਸੀ। ਜੇਕਰ ਉਸੇ ਵੇਲੇ ਲੋਕ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਜਾਗਰੂਕ ਹੋ ਜਾਂਦੇ ਤਾਂ ਕੇਂਦਰ ਸਰਕਾਰ ਇਨ੍ਹਾਂ ਨੂੰ ਕਾਨੂੰਨੀ ਰੂਪ ਦੇਣ ਦੀ ਹਿੰਮਤ ਨਹੀਂ ਕਰਦੀ। ਹੁਣ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ, ਇਸ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਵੇਲੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕਿਸਾਨਾਂ ਦੇ ਵਿੱਚ ਫਸ ਚੁੱਕੀ ਹੈ। ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਕਾਨੂੰਨ ਬਣਾਇਆ ਸੀ, ਪਰ ਕਿਸਾਨ ਇਸ ਕਾਨੂੰਨ ਦੇ ਖਿਲਾਫ਼ ਹੋ ਚੁੱਕੇ ਹਨ। ਕਿਸਾਨ ਯੂਨੀਅਨ ਨੇ 8 ਦਸੰਬਰ ਨੂੰ ਦੇਸ਼ ਬੰਦ ਦੀ ਕਾਲ ਦਿੱਤੀ ਹੈ ਤੇ ਉਨ੍ਹਾਂ ਦੀ ਪਾਰਟੀ ਇਸ ਦਾ ਸਮਰਥਨ ਕਰਦੀ ਹੈ। ਅੱਗੇ ਵੀ ਕਿਸਾਨ ਯੂਨੀਅਨ ਜੇਕਰ ਸੰਘਰਸ਼ ਤਿੱਖਾ ਕਰਨ ਲਈ ਕੁਝ ਕਦਮ ਚੁੱਕਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਨਾਲ ਰਹੇਗੀ। ਇਸ ਮੌਕੇ ਹਲਕਾ ਗਿੱਲ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਲੁਧਿਆਣਾ ਸ਼ਹਿਰੀ ਪ੍ਰਧਾਨ ਰਾਜੇਸ਼ ਖੋਖਰ, ਹਲਕਾ ਕੇਂਦਰੀ ਇੰਚਾਰਜ ਪਵਨਦੀਪ, ਪੂਰਬੀ ਤੋਂ ਗੁਰਜੋਧ ਸਿੰਘ, ਹਰਪਾਲ ਸਿੰਘ ਕੋਹਲੀ ਸਮੇਤ ਕਈ ਵਰਕਰ ਮੌਜੂਦ ਸਨ।
ਸੀਪੀਆਈ ਨੇ ਫੂਕਿਆ ਮੋਦੀ ਦਾ ਪੁਤਲਾ
ਲੁਧਿਆਣਾ(ਗੁਰਿੰਦਰ ਸਿੰਘ) : ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਅੱਜ ਵੱਖ-ਵੱਖ ਥਾਵਾਂ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਵਰਕਰਾਂ ਨੇ ਭਾਰਤ ਨਗਰ ਚੌਕ ਦੇ ਕੋਲ ਪੰਜਾਬੀ ਭਵਨ ਦੇ ਬਾਹਰ ਰੈਲੀ ਕੀਤੀ। ਇਸ ਮੌਕੇ ਡਾ. ਅਰੁਣ ਮਿੱਤਰਾ, ਪ੍ਰੋ. ਜੈਪਾਲ ਸਿੰਘ, ਸਾਥੀ ਡੀਪੀ ਮੌੜ, ਜਗਦੀਸ਼ ਚੰਦ, ਰਮੇਸ਼ ਰਤਨ, ਐਡਵੋਕੇਟ ਨਵਲ ਛਬਿੜ, ਐਮਐਸ ਭਾਟੀਆ ਅਤੇ ਕੁਲਦੀਪ ਸਿੰਘ ਬਿੰਦਰ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਬਲਾਕਾਂ ਵਿੱਚ ਵੀ ਸੀਪੀਆਈ ਦੇ ਸਾਥੀਆਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ।