ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਗਸਤ
ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਬੀਤੇ ਦਿਨ ਲਾਈ ਗਈ ਦੋ ਦਿਨਾਂ ‘ਵਨ ਥਾਊਜ਼ੈਂਡ ਵਰਡਜ਼’ ਫੋਟੋ ਪ੍ਰਦਰਸ਼ਨੀ ਅੱਜ ਦੇਰ ਸ਼ਾਮ ਸਮਾਪਤ ਹੋ ਗਈ। ਇਸ ਫੋਟੋ ਪ੍ਰਦਰਸ਼ਨੀ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਮੁੱਖ ਮਹਿਮਾਨ ਵਜੋਂ ਜਦਕਿ ਨਗਰ ਨਿਗਮ ਦੇ ਮੇਅਰ ਬਲਕਾਰ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਨ੍ਹਾਂ ਤੋਂ ਇਲਾਵਾ ਅੱਜ ਆਖਰੀ ਦਿਨ ਦਲਜੀਤ ਸਿੰਘ ਭੋਲਾ ਗਰੇਵਾਲ, ਗੁਰਪ੍ਰੀਤ ਗੋਗੀ, ਕੁਲਵੰਤ ਸਿੱਧੂ (ਸਾਰੇ ਵਿਧਾਇਕ) ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਮੁੱਖ ਮਹਿਮਾਨ ਸ੍ਰੀਮਤੀ ਮਲਿਕ ਨੇ ਕਿਹਾ ਕਿ ਇਸ ਨੁਮਾਇਸ਼ ਵਿੱਚ ਰੱਖੀਆਂ ਤਸਵੀਰਾਂ ਨੇ ਜੀਵਨ ਦੇ ਹਰ ਰੰਗ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਇੱਕ-ਇੱਕ ਤਸਵੀਰ ਕਈ ਕਈ ਸ਼ਬਦ ਬਿਆਨ ਕਰਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੇ ਸਮੂਹ ਫੋਟੋ ਪੱਤਰਕਾਰਾਂ ਨੂੰ ਵਧਾਈ ਦਿੰਦਿਆਂ ਅਗਲੀ ਵਾਰ ਹੋਰ ਵਧੀਆ ਕਰਨ ਲਈ ਪ੍ਰੇਰਿਤ ਕੀਤਾ। ਵਿਧਾਇਕ ਸ੍ਰੀ ਗਰੇਵਾਲ, ਸ੍ਰੀ ਸਿੱਧੂ ਅਤੇ ਸ੍ਰੀ ਗੋਗੀ ਨੇ ਕਿਹਾ ਕਿ ਵੱਖ ਵੱਖ ਅਖਬਾਰਾਂ ਵਿੱਚ ਸੇਵਾਵਾਂ ਨਿਭਾਉਂਦੇ ਇਨ੍ਹਾਂ ਫੋਟੋ ਪੱਤਰਕਾਰਾਂ ਵੱਲੋਂ ਖਿੱਚੀਆਂ ਇਹ ਤਸਵੀਰਾਂ ਸ਼ਹਿਰ ਦੀ ਅਣ ਦੇਖੀ ਖੂਬਸੂਰਤੀ, ਕਿਸਾਨੀ ਦੀ ਬਦਲ ਰਹੀ ਤਸਵੀਰ, ਕੁਦਰਤ ਨੇ ਮਨਮੋਹਕ ਨਜ਼ਾਰੇ, ਧਾਰਮਿਕ ਸਥਾਨਾਂ ਦੇ ਦ੍ਰਿਸ਼ ਤੋਂ ਇਲਾਵਾ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨੂੰ ਸ਼ਬਦਾਂ ਦੀ ਲੋੜ ਨਹੀਂ ਸਗੋਂ ਇਹ ਖੁਦ ਬੋਲ ਕੇ ਸਭ ਕੁਝ ਦੱਸਦੀਆਂ ਹਨ। ਪ੍ਰਦਰਸ਼ਨੀ ਦੇ ਅੱਜ ਆਖਰੀ ਦਿਨ ਕਈ ਵਿਦਿਆਰਥੀ ਵੀ ਵਿਸ਼ੇਸ਼ ਤੌਰ ’ਤੇ ਦੇਖਣ ਪਹੁੰਚੇ। ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਵਲੋਂ ਕੋਵਿਡ ਕਰਕੇ ਦੋ ਸਾਲ ਬਾਅਦ ਲਾਈ ਗਈ ਇਸ ਫੋਟੋ ਨੁਮਾਇਸ਼ ਨੂੰ ਫੋਟੋ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਨਾਲ ਉਨ੍ਹਾਂ ਦਾ ਹੌਸਲਾ ਹੋਰ ਵਧਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੀ ਵਾਰ ਇਸ ਤੋਂ ਵੀ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਮਾਪਤੀ ਸਮਾਗਮ ਦੇ ਅਖੀਰ ਵਿੱਚ ਸਾਰੇ ਫੋਟੋ ਪੱਤਰਕਾਰਾਂ ਨੂੰ ਸਰਟੀਫਿਕੇਟ ਵੰਡੇ ਗਏ।