ਲੁਧਿਆਣਾ (ਸਤਵਿੰਦਰ ਸਿੰਘ ਬਸਰਾ): 23 ਮਾਰਚ ਦੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸੰਯੁਕਤ ਕਿਸਾਨ ਮੋਰਚਾ (ਭਾਰਤ) ਦਿੱਲੀ ਵੱਲੋਂ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਿੰਡਾਂ ’ਚੋਂ ਮਿੱਟੀ ਲੈ ਕੇ ਜਾਣ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਣਾਈਆਂ ਜਥੇਬੰਦੀਆਂ ਜਿਨ੍ਹਾਂ ਵਿੱਚ ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ, ਮਹਾ ਸਭਾ ਲੁਧਿਆਣਾ, ਇਨਕਲਾਬੀ ਵਿਦਿਆਰਥੀ ਮੰਚ, ਨੌਜਵਾਨ ਸਭਾ ਬੀਆਰਐੱਸ ਨਗਰ (ਐਲ ਬਲਾਕ), ਲੋਕ ਏਕਤਾ ਸੰਗਠਨ ਦੇ ਕਾਰਕੁਨ ਸ਼ਾਮਲ ਸਨ, ਵੱਲੋਂ ਸੁਨੇਤ ਦੇ ਜੰਮਪਲ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦੇ ਪਿੰਡ ਦੀ ਮਿੱਟੀ ਕਿਸਾਨ ਮੋਰਚੇ ਵਿੱਚ ਦਿੱਲੀ ਪਹੁੰਚਾਕੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ।