ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਅਕਤੂਬਰ
ਹਲਕਾ ਜਗਰਾਉਂ ਤੋਂ ‘ਆਪ’ ਦੇ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਸਰਵਜੀਤ ਕੌਰ ਮਾਣੂੰਕੇ ਦੇ ਜੱਦੀ ਪਿੰਡ ਵਿੱਚ ਪਾਣੀ ਨਿਕਾਸੀ ਦਾ ਮੁੱਦਾ ਭਖ ਗਿਆ ਹੈ। ਇਹ ਪਾਣੀ ਪੰਜ ਏਕੜ ਝੋਨੇ ਦੇ ਖੇਤਾਂ ਵਿੱਚ ਭਰ ਜਾਣ ਕਰਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਬੀਡੀਪੀਓ ਦਫ਼ਤਰ ਘੇਰਨ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਇਸੇ ਪਿੰਡ ਨਾਲ ਸਬੰਧਤ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਸਰਪੰਚ ਗੁਰਮੁਖ ਸਿੰਘ ਸੰਧੂ ਨੂੰ ਘੇਰਿਦਆਂ ਪਿੰਡ ਵਿੱਚ ਫੈਲੀ ਗੰਦਗੀ, ਜਾਣਬੁੱਝ ਕੇ ਪੁੱਟੇ ਟੋਇਆਂ, ਪੀਣ ਵਾਲੀ ਟੈਂਕੀ ਦੀ ਖਸਤਾ ਹਾਲ ਸਮੇਤ ਪਿੰਡ ਨਾਲ ਸਬੰਧਤ ਕੁਝ ਹੋਰ ਮੁੱਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਬਦਲਾਅ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਪਿੰਡਾਂ ਵਿੱਚ ਅਜਿਹੀ ਹਾਲਤ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਦੇ ਕੁਝ ਲੋਕਾਂ ਦੀ ਸ਼ਿਕਾਇਤ ’ਤੇ ਬੀਡੀਪੀਓ ਨੇ ਅੱਜ ਪੰਚਾਇਤ ਅਫ਼ਸਰ ਤੇ ਦੋ ਪੰਚਾਇਤ ਸਕੱਤਰ ਮੌਕਾ ਦੇਖਣ ਵੀ ਭੇਜੇ। ਕਾਮਰੇਡ ਸੰਧੂ ਨੇ ਦੱਸਿਆ ਕਿ ਸਰਪੰਚ ਨੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕੀਤੇ ਬਿਨਾਂ ਵੱਡੇ ਛੱਪੜ ਨੂੰ ਖਾਲੀ ਕਰਨ ਲਈ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਪਾਣੀ ਨਿਕਾਸੀ ਲਈ ਜੋ ਨਾਲਾ ਬਣਿਆ ਹੈ ਉਹ ਬਹੁਤ ਛੋਟਾ ਹੈ। ਇਹ ਨਾਲਾ ਛੋਟਾ ਤੇ ਟੁੱਟਿਆ ਹੋਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੀ ਆਪਣੀ 5 ਏਕੜ ਝੋਨੇ ਦੀ ਫ਼ਸਲ ਪਾਣੀ ਨਾਲ ਭਰ ਗਈ ਹੈ ਤੇ ਕੰਬਾਈਨ ਨਾਲ ਇਸ ਦੀ ਕਟਾਈ ਅਸੰਭਵ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਬੀਡੀਪੀਓ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ ਪਰ ਕੋਈ ਕਾਰਵਾਈ ਨਾ ਹੋਈ ਅਤੇ ਸਰਪੰਚ ਨੇ ਪਾਣੀ ਨਿਕਾਸੀ ਦਾ ਕੰਮ ਜਾਰੀ ਰੱਖਿਆ। ਪਾਣੀ ਖੇਤਾਂ ਵਿੱਚ ਭਰ ਜਾਣ ’ਤੇ ਦੁਖੀ ਕਿਸਾਨ ਅੱਜ ਮੁੜ ਬੀਡੀਪੀਓ ਕੋਲ ਗਏ ਜਿਨ੍ਹਾਂ ਵਿਭਾਗ ਦੇ ਮੁਲਾਜ਼ਮਾਂ ਨੂੰ ਮੌਕਾ ਦੇਖਣ ਭੇਜਿਆ। ਪੰਚਾਇਤ ਅਫ਼ਸਰ ਨੂੰ ਮੌਕੇ ’ਤੇ ਖੇਤਾਂ ਵਿੱਚ ਭਰਿਆ ਪਾਣੀ ਅਤੇ ਟੁੱਟੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਹੁੰਦੀ ਦਿਖਾਈ ਗਈ। ਔਰਤਾਂ ਲਈ ਰਾਖਵੀਂ ਥਾਂ ’ਚ ਬੂਟੇ ਲਾਉਣ ਦੀ ਮੰਗ ਦੇ ਉਲਟ ਟੋਏ ਪੁੱਟਣ ਦਾ ਮੌਕਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਮੁਲਾਜ਼ਮ ਇਨਕਾਰੀ ਹੋ ਗਏ। ਉਨ੍ਹਾਂ ਪਿੰਡ ਦੀ ਆਬਾਦੀ ਮੁਤਾਬਕ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਕਰਨ, ਟੋਏ ਭਰ ਕੇ ਬੂਟੇ ਲਾਉਣ ਤੇ ਪਾਣੀ ਭਰਨ ਨਾਲ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਸਬੰਧੀ ਕਾਰਵਾਈ ਵੀ ਮੰਗੀ।
ਕੁੱਝ ਲੋਕ ਜਾਣਬੁੱਝ ਕੇ ਅੜਿੱਕੇ ਖੜ੍ਹੇ ਕਰਦੇ ਨੇ: ਸਰਪੰਚ
ਸਰਪੰਚ ਗੁਰਮੁਖ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿੱਚ ਵਿਕਾਸ ਕਾਰਜ ਚੱਲਦੇ ਹੋਣ ਕਰਕੇ ਕੁਝ ਦਿੱਕਤ ਆ ਸਕਦੀ ਹੈ ਪਰ ਕੁਝ ਲੋਕ ਜਾਣਬੁੱਝ ਕੇ ਅੜਿੱਕੇ ਖੜ੍ਹੇ ਕਰਦੇ ਹਨ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਸਰਪੰਚ ਤੇ ਕੁਝ ਵਿਅਕਤੀਆਂ ਦਾ ਇਹ ਕੁਝ ਦਿਨ ਪੁਰਾਣਾ ਮਸਲਾ ਹੈ ਜਿਸ ਦੇ ਹੱਲ ਲਈ ਉਹ ਬੀਡੀਪੀਓ ਨੂੰ ਕਹਿਣਗੇ।