ਪੱਤਰ ਪ੍ਰੇਰਕ
ਮਾਛੀਵਾੜਾ, 28 ਜੂਨ
ਵਿਧਾਨ ਸਭਾ ਵਿਚ ਅੱਜ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਮੁੱਦਾ ਉਠਾਇਆ ਕਿ ਉਨ੍ਹਾਂ ਦੇ ਹਲਕੇ ਵਿਚ ਸਤਲੁਜ ਦਰਿਆ ਕਿਨਾਰੇ 1000 ਏਕੜ ਵਿਚ ਜੋ ਟੈਕਸਟਾਈਲ ਪਾਰਕ ਬਣਾਇਆ ਜਾ ਰਿਹਾ ਹੈ ਉਸ ਵਿਚ ਲੱਗ ਰਹੀਆਂ ਉਦਯੋਗਿਕ ਇਕਾਈਆਂ ਨਾਲ ਲੋਕਾਂ ਵਿਚ ਖੌਫ਼ ਫੈਲਿਆ ਹੋਇਆ ਹੈ ਕਿ ਇਸ ਨਾਲ ਵਾਤਾਵਰਣ ਅਤੇ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋਵੇਗਾ। ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੇ ਇਸ ਬਾਰੇ ਵਿਧਾਨ ਸਭਾ ਵਿਚ ਬੋਲਦਿਆਂ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਨੇੜੇੇ ਫੋਕਲ ਪੁਆਇੰਟ ਬਣ ਰਿਹਾ ਹੈ ਅਤੇ ਦਰਿਆ ਨੇੜੇ ਜੋ ਟੈਕਸਟਾਈਲ ਪਾਰਕ ਬਣਨ ਜਾ ਰਿਹਾ ਹੈ ਉਸ ਵਿਚ ਲੱਗਣ ਵਾਲੀਆਂ ਫੈਕਟਰੀਆਂ ਦਾ ਕੈਮੀਕਲ ਦਰਿਆ ਵਿਚ ਸੁੱਟਿਆ ਜਾਵੇਗਾ ਜੋ ਕਿ ਵਾਤਾਵਰਣ ਦੇ ਨਾਲ-ਨਾਲ ਉੱਥੇ ਰਹਿੰਦੇ ਲੋਕਾਂ ਦੀ ਸਿਹਤ ਲਈ ਵੀ ਘਾਤਕ ਸਿੱਧ ਹੋਵੇਗਾ। ਵਿਧਾਇਕ ਮੂੰਡੀਆਂ ਨੇ ਕਿਹਾ ਕਿ ਦਰਿਆ ਕਿਨਾਰੇ ਬੇਸ਼ੱਕ ਦੂਸਰੇ ਉਦਯੋਗ ਲਗਾ ਦਿੱਤੇ ਜਾਣ ਪਰ ਕੈਮੀਕਲ ਵਾਲੀਆਂ ਫੈਕਟਰੀਆਂ ਨੂੰ ਲਗਾਉਣ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਨੂੰ ਸਪੱਸ਼ਟ ਕੀਤਾ ਜਾਵੇ ਕਿ ਟੈਕਸਟਾਈਲ ਪਾਰਕ ਲੋਕਾਂ ਲਈ ਲਾਹੇਵੰਦ ਹੈ ਜਾਂ ਨਹੀਂ। ਇਸ ਮੁੱਦੇ ’ਤੇ ਸਪੱਸ਼ਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ’ਚ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਰਾਜ ਸਰਕਾਰ ਦੀ ਸਹਿਮਤੀ ਨਾਲ 7 ਪੀਐੱਮ ਮੈਗਾ ਟੈਕਸਟਾਈਲ ਪਾਰਕ ਬਣਾਇਆ ਜਾ ਰਿਹਾ ਹੈ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਤਹਿਸੀਲ ਕੂੰਮਕਲਾਂ ਦੇ ਪਿੰਡਾਂ ਵਿਚ 1000 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਜਿਸ ਵਿਚ ਗੜੀ ਫੈਜ਼ਲ, ਹੈਦਰ ਨਗਰ, ਸੇਲਕਿਆਣਾ, ਸੇਖੋਵਾਲ ਅਤੇ ਗਰਚਾ ਦੀ ਜ਼ਮੀਨ ਪੁੱਡਾ ਦੇ ਨਾਮ ਤਬਦੀਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਪਿੰਡਾਂ ਦੇ ਲੋਕ ਸਹਿਮਤ ਹਨ ਕਿਉਂਕਿ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਟੈਕਸਟਾਈਲ ਪਾਰਕ ਦੀ ਉਸਾਰੀ ਲਈ ਜੋ ਵੀ ਨਿਯਮ ਹਨ ਉਹ ਪੂਰੀ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਤਲੁਜ ਦਰਿਆ ਦਾ ਇੱਕ ਵੀ ਤੁਪਕਾ ਪ੍ਰਦੂਸ਼ਿਤ ਨਾ ਹੋਵੇ। ਇਸ ਨਾਲ ਨਾ ਹੀ ਇਲਾਕੇ ਦੇ ਲੋਕਾਂ ਦੀ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਪਵੇਗਾ। ਮੁੱਖ ਮੰਤਰੀ ਨੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਨੂੰ ਵਿਧਾਨ ਸਭਾ ’ਚ ਪੂਰਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਤਲੁਜ ਦਰਿਆ ਕਿਨਾਰੇ ਪਿੰਡਾਂ ਦੀਆਂ ਜ਼ਮੀਨਾਂ ’ਚ ਜੋ ਵੀ ਉਦਯੋਗਿਕ ਇਕਾਈਆਂ ਲੱਗਣਗੀਆਂ ਉਹ ਕੈਮੀਕਲ ਮੁਕਤ ਹੋਣਗੀਆਂ। ਵਿਧਾਇਕ ਮੂੰਡੀਆਂ ਨੇ ਇਹ ਵੀ ਮੁੱਦਾ ਉਠਾਇਆ ਕਿ ਜਿਨ੍ਹਾਂ ਪਿੰਡਾਂ ’ਚ ਉਦਯੋਗਿਕ ਇਕਾਈਆਂ ਲੱਗਦੀਆਂ ਹਨ ਉਨ੍ਹਾਂ ਪਿੰਡਾਂ ਨਾਲ ਸਬੰਧਤ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਵਿਚ ਫੈਕਟਰੀਆਂ ਲੱਗਣਗੀਆਂ ਉਥੋਂ ਦੇ ਪਿੰਡਾਂ ਨਾਲ ਸਬੰਧਿਤ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ ’ਤੇ ਰੁਜ਼ਗਾਰ ਦਿਵਾਉਣ ਦੀ ਗਾਰੰਟੀ ਸਾਡੀ ਹੋਵੇਗੀ।