ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਜੁਲਾਈ
ਨਗਰ ਕੌਂਸਲ ਦੀ ਮੀਟਿੰਗ ਵਿੱਚ ਕਰੀਬ ਚਾਰ ਸਾਲ ਮਗਰੋਂ ਦੋਰਾਹਾ ਦੇ ਕਮਿਊਨਿਟੀ ਸੈਂਟਰ ਦੇ ਕਥਿਤ ਘਪਲੇ ਦਾ ਮੁੱਦਾ ਉੱਠਿਆ। ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਜਨਤਕ ਕਰਨ ਲਈ ਕੌਂਸਲ ਦੀ ਮੀਟਿੰਗ ਵਿੱਚ ਇਹ ਏਜੰਡਾ ਲਿਆਂਦਾ ਗਿਆ। ਮੀਟਿੰਗ ਦੌਰਾਨ ਸਮੁੱਚੇ ਕੌਸਲਰਾਂ ਦੀ ਹਾਜ਼ਰੀ ਵਿੱਚ ਮਤਾ ਪੜ੍ਹ ਕੇ ਸੁਣਾਇਆ ਗਿਆ। ਕਾਂਗਰਸ ਦੇ ਅੱਠ ਕੌਸਲਰਾਂ ਰਣਜੀਤ ਸਿੰਘ, ਰਾਜਿੰਦਰ ਗਹੀਰ, ਹਰਨੇਕ ਸਿੰਘ, ਨਵਜੀਤ ਸਿੰਘ, ਕਿਰਨਜੀਤ ਕੌਰ, ਪ੍ਰਦੀਪ ਕੌਰ, ਸ਼ੀਲਾ ਰਾਣੀ, ਆਜ਼ਾਦ ਕੌਂਸਲਰ ਕਾਕਾ ਬਾਜਵਾ ਨੇ ਇਸ ਮਤੇ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂਕਿ ਹਾਊਸ ਦੇ ਮੈਂਬਰ ਵਿਧਾਇਕ ਗਿਆਸਪੁਰਾ, ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ, ਕੁਲਵੰਤ ਸਿੰਘ, ਪ੍ਰਿਆ ਸ਼ਰਮਾ, ਬਲਜੀਤ ਕੌਰ, ਰੁਚੀ ਸ਼ਰਮਾ, ਦਲਵਿੰਦਰ ਕੌਰ ਖਰ੍ਹੇ, ਅਕਾਲੀ ਕੌਂਸਲਰ ਵਿਪਨ ਸੇਠੀ ਨੇ ਮਤਾ ਪਾਸ ਕਰਕੇ ਇਸ ਘਪਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸਹਿਮਤੀ ਦੇ ਦਿੱਤੀ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਵਿੱਚ ਘਪਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੋਸ਼ੀ ਭਾਵੇਂ ਸਿਆਸੀ ਹੋਵੇ ਜਾਂ ਕੋਈ ਮੁਲਾਜ਼ਮ, ਦੀ ਬਰੀਕੀ ਨਾਲ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਤਿੰਨ ਸਾਲ ਨਾ ਕੋਈ ਕਿਸ਼ਤ ਜਮ੍ਹਾਂ ਕਰਵਾਈ ਗਈ ਅਤੇ ਨਾ ਹੀ ਬਿਜਲੀ ਦਾ ਬਿੱਲ ਭਰਿਆ ਗਿਆ। ਹੋਰ ਤਾਂ ਹੋਰ ਠੇਕੇਦਾਰ ਵੱਲੋਂ ਕੌਂਸਲ ਦੀ ਮਿਲੀਭੁਗਤ ਨਾਲ ਕਮਿਊਨਿਟੀ ਸੈਂਟਰ ਦਾ ਨਾਂਅ ਬਦਲੀ ਕਰਕੇ ਰਣਜੀਤ ਸਿੰਘ ਰਿਜ਼ੋਰਟ ਰੱਖਿਆ ਗਿਆ। ਇਸ ਦੀ ਵੀ ਜਾਂਚ ਕਰਵਾਈ ਜਾਵੇਗੀ।