ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਚੰਡੀਗੜ੍ਹ ਰੋਡ ਸਥਿਤ ਸੈਕਟਰ 32 ’ਚ ਗੋਲੀਆਂ ਚਲਾਉਣ ਦੇ ਮਾਮਲੇ ’ਚ ਕਮਿਸ਼ਨਰੇਟ ਪੁਲੀਸ ਲਗਾਤਾਰ ਮਾਮਲੇ ਦੀ ਜਾਂਚ ’ਚ ਲੱਗੀ ਹੈ। ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਇੱਕ ਧੜਾ ਪੰਕਜ ਰਾਜਪੂਤ ਅਤੇ ਰਮਨ ਰਾਜਪੂਤ ਦੇ ਲੋਕ ਸਨ, ਜਦੋਂ ਕਿ ਦੂਸਰੇ ਵਿਸ਼ਾਲ ਗਿੱਲ ਤੇ ਉਸ ਦੇ ਧੜੇ ਦੇ ਲੋਕ ਸਨ। ਇਸ ’ਚ ਸ਼ੁਭਮ ਮੋਟਾ ਗੈਂਗ ਦੇ ਕੁਝ ਲੋਕ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ’ਤੇ ਹੋਈ ਬਹਿਸਬਾਜ਼ੀ ਤੋਂ ਬਾਅਦ ਦੋਹਾਂ ਧੜਿਆਂ ਨੇ ਇੱਕ ਦੂਸਰੇ ਨੂੰ ਚੁਣੌਤੀ ਦਿੱਤੀ ਸੀ ਤੇ ਆਹਮੋ ਸਾਹਮਣੇ ਹੋਣ ਦੀ ਗੱਲ ਕੀਤੀ ਸੀ। ਇਸ ਲਈ ਬਤੌਰ ਸਮਾਂ ਤੈਅ ਕੀਤਾ ਗਿਆ ਅਤੇ ਸੈਕਟਰ 32 ਦੇ ਗਲਾਡਾ ਗਰਾਊਂਡ ’ਚ ਇਕੱਠੇ ਹੋਣ ਦੀ ਗੱਲ ਕੀਤੀ। ਜਦੋਂ ਦੋਵੇਂ ਧੜੇ ਇਕੱਠੇ ਹੋਏ ਤਾਂ ਦੋਹਾਂ ਨੇ ਇੱਕ ਦੂਜੇ ’ਤੇ ਪੱਥਰਬਾਜ਼ੀ ਕੀਤੀ ਤੇ ਗੋਲੀਆਂ ਚਲਾਈਆਂ। ਏਸੀਪੀ ਈਸਟ ਗੁਰਦੇਵ ਸਿੰਘ ਨੇ ਦੱਸਿਆ ਕਿ ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹੋਰ ਵੀ ਚੈਕ ਕੀਤੀ ਜਾ ਰਹੀ ਹੈ। ਇਸ ਨਾਲ ਇਹ ਸਾਫ਼ ਹੋਇਆ ਹੈ ਕਿ ਇੱਕ ਧੜੇ ’ਚ ਪੰਕਜ ਰਾਜਪੂਤ ਅਤੇ ਰਮਨ ਰਾਜਪੂਤ ਦੇ ਨਾਲ ਨਾਲ ਵਿਸ਼ਾਲ ਗਿੱਲ ਤੇ ਉਸ ਦੇ ਧੜੇ ਦੇ ਲੋਕ ਮੌਜੂਦ ਸਨ। ਇਸ ਦੌਰਾਨ ਉੱਥੇ ਸ਼ੁਭਮ ਮੋਟਾ ਗੈਂਗ ਦੇ ਮੈਂਬਰ ਵੀ ਮੌਜੂਦ ਸਨ। ਦੋਵੇਂ ਧੜੇ ਸਮਾਂ ਬੰਨ੍ਹਣ ਤੋਂ ਬਾਅਦ ਇਕੱਠੇ ਹੋਏ ਸਨ ਤੇ ਉਥੇਂ ਪੱਥਰਬਾਜ਼ੀ ਦੇ ਨਾਲ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਈ। ਏਸੀਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।