ਗਗਨਦੀਪ ਅਰੋੜਾ
ਲੁਧਿਆਣਾ, 23 ਸਤੰਬਰ
ਸਮਾਰਟ ਸਿਟੀ ਲੁਧਿਆਣਾ ਵਿੱਚ ਵੀਰਵਾਰ ਦੀ ਸਵੇਰੇ ਲਗਪਗ ਪੰਜ ਵਜੇ ਸ਼ੁਰੂ ਹੋਇਆ ਮੀਂਹ ਦੇਰ ਦੁਪਹਿਰ ਤੱਕ ਜਾਰੀ ਰਿਹਾ। ਤੇਜ਼ ਵਰ੍ਹੇ ਮੀਂਹ ਨੇ ਸਮਾਰਟ ਸਿਟੀ ਨੂੰ ਡੋਬ ਦਿੱਤਾ। ਸਨਅਤੀ ਸ਼ਹਿਰ ਦਾ ਚਾਹੇ ਪੌਸ਼ ਇਲਾਕਾ ਹੋਵੇ ਜਾਂ ਫਿਰ ਆਮ ਇਲਾਕੇ ਦਾ ਕੋਈ ਵੀ ਮੁਹੱਲਾ, ਗਲੀ ਅਜਿਹੀ ਨਹੀਂ ਸੀ, ਜਿੱਥੇ ਪਾਣੀ ਨਾ ਖੜ੍ਹਾ ਹੋਵੇ। ਮੌਸਮ ਵਿਭਾਗ ਮੁਤਾਬਕ ਸਨਅਤੀ ਸ਼ਹਿਰ ਵਿੱਚ 96.4 ਐੱਮਐੱਮ ਪਾਣੀ ਵਰ੍ਹਿਆ। ਇਸ ਨਾਲ ਸ਼ਹਿਰ ਦਾ ਬੁੱਢਾ ਨਾਲਾ ਵੀ ਭਰ ਗਿਆ। ਸ਼ਹਿਰ ਦੀਆਂ ਸਾਰੀਆਂ ਸੜਕਾਂ ਦਰਿਆਵਾਂ ਦੇ ਰੂਪ ਵਿੱਚ ਦਿਖਾਈ ਦਿੱਤੀਆਂ। ਪਾਣੀ ਭਰਨ ਕਾਰਨ ਲੋਕ ਘਰਾਂ ’ਚ ਕੈਦ ਹੋ ਗਏ। ਮੇਅਰ ਬਲਕਾਰ ਸੰਧੂ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਆਪਣੇ ਅਫ਼ਸਰਾਂ ਸਣੇ ਪਾਣੀ ਦੀ ਨਿਕਾਸੀ ਲਈ ਮੁਸ਼ੱਕਤ ਕਰਦੇ ਦਿਖੇ। ਬਾਅਦ ਦੁਪਹਿਰ ਮੀਂਹ ਬੰਦ ਹੋਣ ਤੋਂ ਬਾਅਦ ਪਾਣੀ ਦਾ ਪੱਧਰ ਕੁਝ ਘੱਟ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਵੀ ਹਲਕਾ ਮੀਂਹ ਪੈਣ ਦੀ ਆਸ ਹੈ। ਸਨਅਤੀ ਸ਼ਹਿਰ ਵਿੱਚ ਵੀਰਵਾਰ ਸਵੇਰੇ ਮੀਂਹ ਦੀ ਝੜੀ ਲੱਗ ਗਈ, ਜੋ ਕਿ ਦੁਪਹਿਰ ਤੱਕ ਤੱਕ ਜਾਰੀ ਰਹੀ। ਲਗਾਤਰ ਪੈ ਰਹੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਇਲਾਕਿਆਂ ’ਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ। ਸਮਰਾਲਾ ਚੌਕ, ਚੰਡੀਗੜ੍ਹ ਰੋਡ ਸੈਕਟਰ 32, ਗਿਆਸਪੁਰਾ ਚੌਕ, ਸ਼ੇਰਪੁਰ ਚੌਕ, ਰਾਹੋਂ ਰੋਡ, ਸ਼ਿਵਪੁਰੀ, ਸ਼ਿਵਾਜੀ ਨਗਰ, ਜਨਕਪੁਰੀ, ਵਿਸ਼ਵਕਰਮਾ ਚੌਕ, ਜੇਲ ਚੌਕ, ਜਨਤਾ ਨਗਰ ਇਲਾਕੇ ਵਿੱਚ ਪਾਣੀ ਦਾ ਬੁਰਾ ਹਾਲ ਸੀ, ਸੜਕਾਂ ’ਤੇ ਪਾਣੀ ਵੱਧ ਖੜ੍ਹਾ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੜਕਾਂ ਵਿੱਚ ਪਾਣੀ ਭਰਨ ਕਾਰਨ ਕਈ ਥਾਈਂ ਆਵਾਜਾਈ ਜਾਮ ਹੋ ਗਈ । ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣਾ ਮੁਹਾਲ ਹੋ ਗਿਆ। ਚੌਕਾਂ ਵਿੱਚ ਪਾਣੀ ਖੜ੍ਹਨ ਕਾਰਨ ਕਈ ਵਾਹਨ ਬੰਦ ਹੋ ਗਏ। ਜਿਸ ਕਾਰਨ ਵਾਹਨਾਂ ਦੀਆਂ ਕਤਾਰਾਂ ਲਗ ਗਈਆਂ।
ਸੜਕਾਂ ’ਤੇ ਪਾਣੀ ਖੜ੍ਹਨ ਕਾਰਨ ਵਾਹਨ ਚਾਲਕ ਹੋਏ ਪ੍ਰੇਸ਼ਾਨ
ਸ਼ਹਿਰ ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਇੱਥੇ ਪਾਣੀ ਕਾਫ਼ੀ ਜ਼ਿਆਦਾ ਖੜ੍ਹਾ ਹੋਇਆ ਸੀ, ਇੱਥੇ ਪਾਣੀ ’ਚ ਕਈ ਵਾਹਨ ਵੀ ਫਸ ਗਏ। ਲੋਕਾਂ ਨੂੰ ਆਪਣੀਆਂ ਗੱਡੀਆਂ ਬਾਹਰ ਕੱਢਣ ਲਈ ਖੁਦ ਜੱਦੋ ਜਹਿਦ ਕਰਨੀ ਪਈ। ਦੂਜੇ ਪਾਸੇ ਖਾਲਸਾ ਕਾਲਜ ਰੋਡ ’ਤੇ ਸੜਕਾਂ ਪੱਟੀਆਂ ਹੋਣ ਕਾਰਨ, ਇੱਥੇ ਮੀਂਹ ਦਾ ਪਾਣੀ ਕਾਫ਼ੀ ਜ਼ਿਆਦਾ ਖੜ੍ਹਾ ਹੋ ਗਿਆ। ਇੱਥੇ ਦੁਪਹਿਰ ਤੱਕ ਕਈ ਦੋ ਪਹੀਆ ਵਾਹਨਾਂ ਵਾਲੇ ਡਿੱਗ ਗਏ, ਕਈਆਂ ਨੂੰ ਸੱਟਾਂ ਵੀ ਲੱਗੀਆਂ।
ਸਤੰਬਰ ’ਚ ਹੁਣ ਤੱਕ ਪੈ ਚੁੱਕਿਆ ਹੈ 295 ਐੱਮਐੱਮ ਮੀਂਹ
ਪੀਏਯੂ ਮੌਸਮ ਵਿਭਾਗ ਪ੍ਰਮੁੱਖ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਮ ਤੌਰ ’ਤੇ ਸਤੰਬਰ ਮਹੀਨੇ ’ਚ 106 ਐੱਮਐੱਮ ਮੀਂਹ ਪੈਂਦਾ ਹੈ, ਪਰ ਇਸ ਵਾਰ ਹੁਣ ਤੱਕ 295.5 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਵੀ ਹਲਕੇ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਵੀਰਵਾਰ ਨੂੰ ਮੀਂਹ ਝੜੀ ਵਾਂਗ ਪਿਆ ਹੈ, ਜਿਸ ਦਾ ਫਸਲਾਂ ਨੂੰ ਨੁਕਸਾਨ ਨਹੀਂ ਹੈ ਪਰ ਹੇਠਲੇ ਖੇਤਾਂ ’ਚ ਪਾਣੀ ਭਰਨ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ।