ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੁਲਾਈ
ਡਾਕਟਰ ਸਣੇ ਕਈ ਜਥੇਬੰਦੀਆਂ ਨੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਕੀਤੇ ਵਿਵਹਾਰ ਦੀ ਨਿਖੇਧੀ ਕੀਤੀ ਹੈ। ਅੱਜ ਇੱਥੇ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੇ ਸਾਬਕਾ ਚੇਅਰਮੈਨ ਅਤੇ ਐਥੀਕਲ ਕਮੇਟੀ ਪੰਜਾਬ ਮੈਡੀਕਲ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਰੁਣ ਮਿੱਤਰਾ ਅਤੇ ਡਾ. ਜੀਐਸ ਗਰੇਵਾਲ ਸਾਬਕਾ ਪ੍ਰਧਾਨ ਪੰਜਾਬ ਮੈਡੀਕਲ ਕੌਂਸਲ ਨੇ ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨਾਲ ਸਿਹਤ ਮੰਤਰੀ ਵੱਲੋਂ ਜਨਤਕ ਤੌਰ ’ਤੇ ਕੀਤੇ ਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦਰ ਇੱਕ ਮੰਨੇ ਪਰਮੰਨੇ ਸਰਜਨ ਹਨ ਅਤੇ ਉਨ੍ਹਾਂ ਨੇ ਸਿਹਤ ਖੇਤਰ ਵਿੱਚ ਪੂਰਨ ਸਮਰਪਣ ਦੇ ਨਾਲ ਕੰਮ ਕੀਤਾ ਹੈ।