ਗਗਨਦੀਪ ਅਰੋੜਾ
ਲੁਧਿਆਣਾ, 29 ਸਤੰਬਰ
ਅਲਟਰਾਸਾਊਂਡ ਮਸ਼ੀਨ ਰਾਹੀਂ ਗਰਭ ’ਚ ਪਲ ਰਹੇ ਭਰੂਣ ਦੇ ਲਿੰਗ ਬਾਰੇ ਜਾਣਕਾਰੀ ਦੇਣ ਦਾ ਧੰਦਾ ਕਰਨ ਵਾਲਿਆਂ ਦੇ ਇੱਥੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਗੁਪਤ ਸੂਚਨਾ ਦੇ ਆਧਾਰ ’ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਟੀਮ ਨਾਲ ਛਾਪਾ ਮਾਰਿਆ ਅਤੇ ਉੱਥੋਂ ਦਿੱਲੀ ਤੋਂ ਲਿਆਂਦੀ ਗਈ ਮਸ਼ੀਨ ਵੀ ਬਰਾਮਦ ਕਰ ਲਈ। ਸਿਹਤ ਵਿਭਾਗ ਦੀ ਟੀਮ ਨੇ ਇਹ ਧੰਦਾ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਇਸਦੀ ਜਾਣਕਾਰੀ ਕਮਿਸ਼ਨਰੇਟ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ 30 ਹਜ਼ਾਰ ਰੁਪਏ ’ਚ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਸਨ ਕਿ ਉਨ੍ਹਾਂ ਦੇ ਗਰਭ ’ਚ ਪਲ ਰਿਹਾ ਭਰੂਣ ਲੜਕਾ ਹੈ ਜਾਂ ਲੜਕੀ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਰਭ ’ਚ ਪਲ ਰਿਹਾ ਭਰੂਣ ਲੜਕਾ ਹੈ ਜਾਂ ਲੜਕੀ, ਇਸ ਬਾਰੇ ’ਚ ਦੱਸਣਾ ਗ਼ੈਰਕਾਨੂੰਨੀ ਹੈ। ਸਰਕਾਰ ਨੇ ਇਸ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਹੋਈ ਹੈ ਤੇ ਸਜ਼ਾ ਦੇ ਨਾਲ-ਨਾਲ ਅਜਿਹੇ ਮਾਮਲੇ ’ਚ ਸਖਤ ਕਾਰਵਾਈ ਦਾ ਵੀ ਐਲਾਨ ਕੀਤਾ ਹੋਇਆ ਹੈ, ਪਰ ਕਈ ਲੋਕ ਅਲਟਰਾਸਾਊਂਡ ਮਸ਼ੀਨ ਰਾਹੀਂ ਲੋਕਾਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਤੋਂ ਮੋਟੇ ਪੈਸੇ ਵਸੂਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਨੈਲ ਸਿੰਘ ਨਗਰ ਇਲਾਕੇ ’ਚ ਇਹ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਸੀ। ਮੁਲਜ਼ਮ ਇੱਕ ਮਰੀਜ਼ ਤੋਂ 30 ਹਜ਼ਾਰ ਰੁਪਏ ਦੀ ਮੋਟੀ ਰਕਮ ਲੈ ਕੇ ਇਹ ਗੈਰਕਾਨੂੰਨੀ ਧੰਦਾ ਕਰ ਰਹੇ ਸਨ। ਜਦੋਂ ਸਿਹਤ ਵਿਭਾਗ ਨੂੰ ਇਸਦੀ ਜਾਣਕਾਰੀ ਮਿਲੀ ਤਾਂ ਟੀਮ ਨੇ ਉੱਥੇ ਛਾਪਾ ਮਾਰ ਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਦੇ ਨਾਲ ਨਾਲ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।