ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਜੂਨ
ਕੋਰਮ ਪੂਰਾ ਨਾ ਹੋਣ ਕਾਰਨ ਦੋ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਪਿੰਡ ਸੁਧਾਰ ਦੀ ਗ੍ਰਾਮ ਸਭਾ ਦਾ ਆਮ ਇਜਲਾਸ ਆਖ਼ਰ ਤੀਜੀ ਵਾਰ ਨੇਪਰੇ ਚੜ੍ਹ ਹੀ ਗਿਆ। ਹਾਲਾਂਕਿ ਅੱਜ ਵੀ ਹਾਜ਼ਰੀ ਪੱਖੋਂ ਕੁਝ ਕਮੀ ਨਜ਼ਰ ਆਈ। ਸਰਪੰਚ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਆਮ ਇਜਲਾਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਹਾਊਸ ਦੇ ਸਾਹਮਣੇ ਰੱਖੀਆਂ ਅਤੇ ਚਰਚਾ ਬਾਅਦ ਉਨ੍ਹਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ ਗਿਆ। ਪੰਚਾਇਤ ਸਕੱਤਰ ਰਾਜੇਸ਼ ਕੁਮਾਰ ਨੇ ਵਿੱਤੀ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਦੋ ਹਫ਼ਤੇ ਵਿੱਚ ਮੁਕੰਮਲ ਲੇਖਾ-ਜੋਖਾ ਪਿੰਡ ਦੀਆ ਸਾਂਝੀਆਂ ਥਾਵਾਂ ਉੱਪਰ ਵੀ ਲੋਕਾਂ ਦੀ ਜਾਣਕਾਰੀ ਲਈ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ।
ਇਸ ਮੌਕੇ ਬਲਾਕ ਵਿਕਾਸ ਦਫ਼ਤਰ ਵੱਲੋਂ ਜੂਨੀਅਰ ਇੰਜੀਨੀਅਰ ਜਗਦੀਪ ਸਿੰਘ ਮੌਜੂਦ ਰਹੇ। ਪ੍ਰਧਾਨ ਹਰਮੇਲ ਸਿੰਘ ਗਿੱਲ ਦੀ ਬੇਨਤੀ ’ਤੇ ਸਰਬਸੰਮਤੀ ਨਾਲ ਪਾਸ ਇੱਕ ਮਤੇ ਰਾਹੀਂ ਪਿੰਡ ਦੀ ਖੇਤੀਬਾੜੀ ਸਹਿਕਾਰੀ ਸਭਾ ਦੀ ਇਮਾਰਤ ਵਾਲੀ ਜ਼ਮੀਨ ਸੁਸਾਇਟੀ ਦੇ ਨਾਂ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ। ਇਜਲਾਸ ਦੌਰਾਨ ਲੋਕਾਂ ਸਾਹਮਣੇ ਚਾਲੂ ਵਿਕਾਸ ਕਾਰਜਾਂ ਅਤੇ ਪਹਿਲਾਂ ਹੋਏ ਕੰਮਾਂ ਦੀ ਜਾਣਕਾਰੀ ਵੀ ਪੇਸ਼ ਕੀਤੀ ਗਈ। ਇਸ ਦੌਰਾਨ ਸਮਾਜਿਕ ਸੁਰੱਖਿਆ ਵਿਭਾਗ ਦੀ ਸੁਪਰਵਾਈਜ਼ਰ ਭੁਪਿੰਦਰ ਕੌਰ ਆਪਣੀ ਟੀਮ ਸਮੇਤ ਮੌਕੇ ’ਤੇ ਮੌਜੂਦ ਸਨ ਅਤੇ ਆਂਗਣਵਾੜੀ ਵਰਕਰ ਕਿਰਨਦੀਪ ਕੌਰ ਨੇ ਸਮਾਜ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਗ੍ਰਾਮ ਸਭਾ ਦੇ ਕੁਝ ਮੈਂਬਰਾਂ ਨੇ ਪਿੰਡ ਦੇ ਧਨੀ ਲੋਕਾਂ ਵੱਲੋਂ ਬਣਾਏ ਮੁਫ਼ਤ ਰਾਸ਼ਨ ਵਾਲੇ ਕਾਰਡਾਂ ਦੀ ਜਾਂਚ ਕਰਾਉਣ ਤੇ ਨਵੇਂ ਸਿਰੇ ਤੋਂ ਲਾਭਪਾਤਰੀਆਂ ਦੀ ਸ਼ਨਾਖ਼ਤ ਕਰ ਕੇ ਕਾਰਡ ਬਣਾਉਣ ਦੀ ਮੰਗ ਕੀਤੀ।