ਪੱਤਰ ਪ੍ਰੇਰਕ
ਦੋਰਾਹਾ, 12 ਸਤੰਬਰ
ਅੱਜ ਇਥੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ) ਦੇ ਮੈਂਬਰਾਂ ਦੀ ਇੱਕਤਰਤਾ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਣ ਦਾ ਅਹਿਦ ਲਿਆ। ਮੈਂਬਰਾਂ ਨੇ ਕਿਹਾ ਕਿ ਸੂਬੇ ਕੋਲ ਦਰਿਆਈ ਪਾਣੀ ਵਾਧੂ ਨਹੀਂ ਹੈ, ਸਰਕਾਰ ਪਹਿਲਾਂ ਪੰਜਾਬ ਲਈ ਪਾਣੀ ਪੂਰਾ ਕਰੇ, ਜੇ ਵਾਧੂ ਪਾਣੀ ਬਚੇ ਉਸ ਦੀ ਵੰਡ ਕੀਤੀ ਜਾਵੇ। ਕੁਲਦੀਪ ਸਿੰਘ ਨੇ ਕਿਹਾ ਕਿ ਭਾਰਤ ਅਤੇ ਵਿਸ਼ਵ ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਯੂਰਪੀ ਦੇਸ਼ ਆਰਥਿਕ ਮੰਦਵਾੜੇ ਤੇ ਮਹਿੰਗਾਈ ਦਾ ਸਭ ਤੋਂ ਵੱਧ ਸ਼ਿਕਾਰ ਹਨ। ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਧੰਦਾ, ਜੋ ਕਿ ਦੇਸ਼ ਦੀ ਜੀਡੀਪੀ ਵਿੱਚ ਵਧੇਰੇ ਹਿੱਸਾ ਪਾਉਂਦਾ ਹੈ, ਨੂੰ ਤਬਾਹ ਕਰਨ ’ਤੇ ਲੱਗੀ ਹੋਈ ਹੈ। ਉਨ੍ਹਾਂ ਖੇਤੀ ਵਿਭਿੰਨਤਾ ਬਾਰੇ ਕਿਹਾ ਕਿ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਅਤੇ ਨਾ ਹੀ ਸਾਰੀਆਂ ਫ਼ਸਲਾਂ ਬਾਰੇ ਘੱਟੋ-ਘੱਟ ਸਮਰਥਨ ਮੁੱਲ ਦੀ ਕੋਈ ਸਾਰਥਕ ਗੱਲ ਕਰ ਰਹੀ ਹੈ। ਸਰਕਾਰ ਸਨਅਤਕਾਰਾਂ ਦੇ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਤਾਂ ਮੁਆਫ਼ ਕਰ ਸਕਦੀ ਹੈ ਪਰ ਕਿਸਾਨੀ ਕਰਜ਼ੇ ਨਹੀਂ ਮੁਆਫ਼ ਕਰਦੀ।