ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਥੇ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਮਾਲ ਮਹਿਕਮੇ ’ਚ ਫੈਲੇ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਰਿਹਾ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮਾਲ ਮਹਿਕਮੇ ’ਚੋ ਕਮਾਏ ਜਾ ਰਹੇ ‘ਮਾਲ’ ਦੀ ਜਾਂਚ ਕਰਵਾਉਣ ਅਤੇ ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਨਾਂ ’ਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਮੰਗ ਕੀਤੀ। ਇਹ ਵੀ ਕਿਹਾ ਕਿ ਜਗਰਾਉਂ ਵਿੱਚ ਵੀ ਇਸ ਮਹਿਕਮੇ ਨੇ ਲੁੱਟ ਮਚਾਈ ਹੋਈ ਹੈ ਜਿਸ ਖ਼ਿਲਾਫ਼ ਉਨ੍ਹਾਂ ਉਪ ਮੰਡਲ ਮੈਜਿਸਟਰੇਟ ਦਾ ਦਫ਼ਤਰ ਘੇਰਨ ਦਾ ਐਲਾਨ ਕੀਤਾ ਹੈ। ਕਿਸਾਨ ਧਰਨੇ ਦੇ 388ਵੇਂ ਦਿਨ ਰੇਲਵੇ ਪਾਰਕ ਵਿੱਚ ਇਕੱਤਰਤਾ ਹੋਈ। ਹਰਬੰਸ ਸਿੰਘ ਬਾਰਦੇਕੇ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ’ਚ ਕਿਸਾਨ ਆਗੂ ਦਲਜੀਤ ਸਿੰਘ ਰਸੂਲਪੁਰ, ਕੰਵਲਜੀਤ ਖੰਨਾ, ਜਗਦੀਸ਼ ਸਿੰਘ, ਸੁਖਦੇਵ ਸਿੰਘ ਗਾਲਬਿ, ਜਗਤਾਰ ਸਿੰਘ ਮਲਕ, ਧਰਮ ਸਿੰਘ ਸੂਜਾਪੁਰ, ਹਰਬੰਸ ਲਾਲ ਨੇ ਪੰਜਬ ਭਰ ’ਚ ਕਿਸਾਨਾਂ ਦੀ ਖੇਤੀ ਲਈ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮਾਲ ਮਹਿਕਮੇ ਦੇ ਦਫ਼ਤਰਾਂ ’ਚ ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਨਾਂ ’ਤੇ ਚਲਦੀ ਲੱਖਾਂ ਦੀ ਰਿਸ਼ਵਤਖੋਰੀ ਬੰਦ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜਗਰਾਉਂ ’ਚ ਚਲਦੀ ਰਿਸ਼ਵਤਖੋਰੀ ਖ਼ਿਲਾਫ਼ ਸਥਾਨਕ ਐੱਸਡੀਐੱਮ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਧਰਨਾਕਾਰੀਆਂ ਨੇ ਸਥਾਨਕ ਸਿਵਲ ਪ੍ਰਸਾਸ਼ਨ ਤੋਂ ਇਸ ਲੁੱਟ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਕਚਹਿਰੀਆਂ ’ਚ ਟੀਮਾਂ ਬਣਾ ਕੇ ਇਸ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਇਮਾਨਦਾਰ ਅਧਿਕਾਰੀਆਂ ਦਾ ਸਾਥ ਦੇਣਗੀਆਂ। ਖੇਤੀ ਮੰਤਰੀ ਤੋਮਰ ਦੇ ਕਈ ਜਥੇਬੰਦੀਆਂ ਵੱਲੋਂ ਧਰਨਾ ਖ਼ਤਮ ਕਰ ਲੈਣ ਅਤੇ ਮੁੱਠੀ ਭਰ ਕਿਸਾਨ ਬਚਣ ਵਾਲੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਪਰਾਲੀ ਦੇ ਮਸਲੇ ’ਤੇ ਕਿਸਾਨਾਂ ’ਤੇ ਪਰਚੇ ਦਰਜ ਕਰਨ ਦੀ ਵਿਉਂਤਬੰਦੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ’ਚ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਕੰਵਲਜੀਤ ਖੰਨਾ ਨੇ ਕਿਹਾ ਕਿ ਅੱਧਾ ਪੰਜਾਬ ਬੀਐੱਸਐੱਫ ਹਵਾਲੇ ਕਰਨ ਖ਼ਿਲਾਫ਼ 25 ਅਕਤੂਬਰ ਨੂੰ ਜਗਰਾਉਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 26 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਜਗਰਾਉਂ ਰੇਲਵੇ ਪਾਰਕ ’ਚ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।