ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਨਵੰਬਰ
ਸਰਕਾਰ ਵਲੋਂ ਭਲਕੇ 11 ਨਵੰਬਰ ਤੱਕ ਹੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਸਦੀ ਸਰਕਾਰੀ ਖਰੀਦ ਨਹੀਂ ਹੋਵੇਗੀ ਪਰ ਨਾਲ ਹੀ ਸਰਕਾਰ ਨੇ ਬੋਗਸ ਬਿਲਿੰਗ ਜਾਂ ਖਰੀਦ ਨਾ ਹੋਵੇ ਉਸ ਲਈ ਸਖ਼ਤ ਕਦਮ ਉਠਾਏ ਹਨ। ਮਾਛੀਵਾੜਾ ਅਨਾਜ ਮੰਡੀ ’ਚ ਅੱਜ ਜਿਹੜੇ ਵੀ ਕਿਸਾਨ ਮੰਡੀ ’ਚ ਫਸਲ ਲੈ ਕੇ ਆਏ ਉਨ੍ਹਾਂ ਦੀ ਅਨਾਜ ਮੰਡੀ ਦੇ ਮੁੱਖ ਗੇਟ ’ਤੇ ਵੀਡੀਓਗ੍ਰਾਫ਼ੀ ਕੀਤੀ ਗਈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਅਨਾਜ ਮੰਡੀ ਦੇ ਮੁੱਖ ਗੇਟ ਅੱਗੇ ਆਪਣਾ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਅਤੇ ਨਾਲ ਹੀ ਜਿਹੜਾ ਕਿਸਾਨ ਫਸਲ ਲੈ ਕੇ ਆਉਂਦਾ ਹੈ, ਉਸਦੀ ਵੀਡੀਓਗ੍ਰਾਫ਼ੀ ਦੇ ਨਾਲ-ਨਾਲ ਪੱਕਾ ਸਬੂਤ ਰੱਖਦਿਆਂ ਅੱਜ ਦੀ ਮਿਤੀ ਦੇ ਅਖ਼ਬਾਰ ਨਾਲ ਫੋਟੋ ਕੀਤੀ ਜਾਂਦੀ ਤਾਂ ਜੋ ਸਪੱਸ਼ਟ ਹੋ ਸਕੇ ਕਿ ਝੋਨਾ ਅੱਜ ਹੀ ਮੰਡੀ ’ਚ ਵਿਕਣ ਲਈ ਆਇਆ ਹੈ। ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ 11 ਨਵੰਬਰ ਤੋਂ ਬਾਅਦ ਝੋਨੇ ਦੀ ਖਰੀਦ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆੜ੍ਹਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਸਰਕਾਰੀ ਖਰੀਦ ਦੀ ਬੋਗਸ ਬਿਲਿੰਗ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੇਂਦਰ ਸਰਕਾਰ ਖਰੀਦ ਬੰਦ ਕਰਨ ਸਬੰਧੀ ਫ਼ੈਸਲਾ ਵਾਪਸ ਲਵੇ: ਕੂੰਨਰ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਝੋਨੇ ਦੀ ਖਰੀਦ 15 ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਪੱਛੜ ਕੇ ਕੀਤੀ ਹੈ, ਉਹ ਦੇਰੀ ਨਾਲ ਪੱਕ ਕੇ ਤਿਆਰ ਹੁੰਦੀ ਹੈ, ਇਸ ਲਈ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਨਾਲ ਅਜਿਹੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ। ਕੂੰਨਰ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਹੈ ਕਿ 11 ਨਵੰਬਰ ਤੱਕ ਆਪਣੀ ਫਸਲ ਮੰਡੀ ’ਚ ਵੇਚਣ ਲਈ ਲਿਆਉਣ ਪਰ ਜੋ ਵਾਂਝੇ ਰਹਿ ਜਾਣਗੇ ਉਨ੍ਹਾਂ ਦੀ ਬਾਅਦ ’ਚ ਪ੍ਰਾਈਵੇਟ ਵਪਾਰੀ ਲੁੱਟ ਕਰਨਗੇ।