ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜਨਵਰੀ
ਲੁਧਿਆਣਾ ਦੇ ਐੱਸਸੀਡੀ ਸਰਕਾਰੀ ਕਾਲਜ ਦੀ ਭੰਗੜਾ ਟੀਮ ਨੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਬਹਾਦੁਰਪੁਰ (ਮਸਤੂਆਣਾ ਸਾਹਿਬ) ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਭੰਗੜਾ ਟੀਮਾਂ ਦੇ ਕਰਵਾਏ ਭੰਗੜਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 41,000 ਦਾ ਇਨਾਮ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀ ਕਾਲਜ ਦੀ ਭੰਗੜਾ ਟੀਮ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਦੀ ਰਹੀ ਹੈ। ਕਾਲਜ ਦੀ ਭੰਗੜਾ ਟੀਮ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਇੱਕ ਲੱਖ ਰੁਪਏ ਦਾ ਨਗਦ ਇਨਾਮ ਜਿੱਤ ਚੁੱਕੀ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਸੱਤਿਆ ਰਾਣੀ ਨੇ ਕਾਲਜ ਵਿੱਚ ਟੀਮ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ। ਕਾਲਜ ਦੇ ਡੀਨ ਕਲਚਰ ਪ੍ਰੋ. ਕਮਲ ਕਿਸ਼ੋਰ ਅਤੇ ਇੰਚਾਰਜ ਭੰਗੜਾ ਟੀਮ ਪ੍ਰੋ. ਪਰਮਜੀਤ ਸਿੰਘ ਨੇ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।