ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਅਪਰੈਲ
ਜੁਗਾੜੂ ਰੇਹੜੀਆਂ ਖ਼ਿਲਾਫ਼ ਜਾਰੀ ਹੁਕਮਾਂ ਦਾ ਏਡੀਜੀਪੀ (ਟਰੈਫਿਕ) ਵੱਲੋਂ ਤਿੱਖਾ ਵਿਰੋਧ ਅਤੇ ਵੱਖ-ਵੱਖ ਥਾਈਂ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਦੇਰ ਸ਼ਾਮ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੇ ਹੁਕਮ ਜਾਰੀ ਕਰਨ ’ਤੇ ਵਿਭਾਗ ਕੋਲ ਨਾਰਾਜ਼ਗੀ ਵੀ ਜ਼ਾਹਰ ਕੀਤੀ।
ਜੁਗਾੜੂ ਰਿਕਸ਼ਿਆਂ ਵਾਲਿਆਂ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਤੇ ਪੁਲੀਸ ਨੂੰ ਨਿਰਦੇਸ਼ ਹਨ ਕਿ ਜੇਕਰ ਕੋਈ ਸੜਕ ’ਤੇ ਇਸ ਤਰ੍ਹਾਂ ਦੇ ਰਿਕਸ਼ੇ ਵਾਲਾ ਘੁੰਮਦਾ ਹੈ ਤਾਂ ਉੁਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਮਾਛੀਵਾੜਾ ਦੇ ਕਰੀਬ 30 ਤੋਂ ਵੱਧ ਜੁਗਾੜੂ ਰਿਕਸ਼ਾ ਵਾਲਿਆਂ ਨੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੋਰ ਢੁੱਕਵਾਂ ਰੁਜ਼ਗਾਰ ਦਿਓ ਫਿਰ ਉਹ ਰਿਕਸ਼ੇ ਬੰਦ ਕਰ ਦੇਣਗੇ। ਰੋਸ ਪ੍ਰਦਰਸ਼ਨ ਦੌਰਾਨ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਦੱਸਿਆ ਕਿ ਜੁਗਾੜੂ ਰਿਕਸ਼ੇ ਵਾਲੇ ਬਹੁਤ ਹੀ ਘੱਟ ਪੈਸੇ ਵਿੱਚ ਸਾਮਾਨ ਦੀ ਢੋਆ-ਢੁਆਈ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਅੱਜ ਜੁਗਾੜੂ ਰਿਕਸ਼ਾ ਦੇ ਮਾਲਕਾਂ ਜਗਦੇਵ ਸਿੰਘ, ਵੇਦ ਪ੍ਰਕਾਸ਼, ਹਰਭਜਨ ਸਿੰਘ, ਨਿਰਮਲ ਸਿੰਘ, ਸੰਤਾ ਸਿੰਘ, ਅਮੀਰ ਸਿੰਘ, ਬਲਵੀਰ ਸਿੰਘ, ਕਰਨੈਲ ਸਿੰਘ, ਭਿੰਦਰ ਸਿੰਘ, ਹਰਪ੍ਰੀਤ ਸਿੰਘ, ਹਰੀ ਸਿੰਘ, ਸਰਬਜੀਤ ਸਿੰਘ, ਗੁਲਜ਼ਾਰ ਸਿੰਘ ਤੋਂ ਇਲਾਵਾ ਕਿਸਾਨ ਸਭਾ ਦੇ ਆਗੂ ਕਾਮਰੇਡ ਮਸਤਾ ਸਿੰਘ ਜੱਸੋਵਾਲ, ਨਿਰਮਲ ਸਿੰਘ ਮੁਗਲੇਵਾਲ, ਹਰਦੇਵ ਸਿੰਘ ਬਾਗ, ਗੁਰਦੀਪ ਸਿੰਘ ਢੋਲਣਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਨਾਦਰਸ਼ਾਹੀ ਫੁਰਮਾਨ ਜਾਰੀ ਨਾ ਕੀਤੇ ਜਾਣ ਜਿਨ੍ਹਾਂ ਨਾਲ ਗਰੀਬਾਂ ਦਾ ਰੁਜ਼ਗਾਰ ਖੋਹਿਆ ਜਾ ਸਕੇ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਮੋਟਰ ਸਾਈਕਲਾਂ ਪਿੱਛੇ ਜੁਗਾੜੂ ਰੇਹੜੀਆਂ ਬਣਾ ਕੇ ਕਈ ਕਿਸਮ ਦੀਆਂ ਦੁਕਾਨਾਂ ਅਤੇ ਸਬਜ਼ੀ ਮੰਡੀਆਂ ਆਦਿ ਤੋਂ ਗੇੜੇ ਲਾ ਕੇ ਮਸਾਂ ਗੁਜ਼ਾਰਾ ਕਰਦਾ ਗਰੀਬ ਤਬਕਾ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਦੇ ਹੁਕਮਾਂ ’ਤੇ ਭੜਕ ਉੱਠਿਆ ਹੈ। ਹੁਕਮ ਭਾਵੇਂ ਵਧੀਕ ਡੀਜੀਪੀ (ਟਰੈਫਿਕ) ਵੱਲੋਂ ਜਾਰੀ ਹੋਏ ਹਨ ਪਰ ਲੋਕਾਂ ਦਾ ਗੁੱਸਾ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਫੁੱਟਿਆ ਹੈ। ਜਗਰਾਉਂ ’ਚ ਅਜਿਹੀ ਜੁਗਾੜੂ ਰੇਹੜੀ ਚਾਲਉਣ ਵਾਲੇ ਜਸਪਾਲ ਸਿੰਘ, ਪ੍ਰੀਤਮ ਸਿੰਘ ਤੇ ਰਾਣਾ ਸਿੰਘ ਨੇ ਕਿਹਾ ਕਿ ਉਹੋ ਸਰਕਾਰ ਉਨ੍ਹਾਂ ਤੋਂ ਰੁਜ਼ਗਾਰ ਖੋਹ ਰਹੀ ਹੈ ਜਿਸ ਨੂੰ ਵੱਡੀਆਂ ਉਮੀਦਾਂ ਨਾਲ ਬਣਾਇਆ ਸੀ। ‘ਆਪ’ ਸਰਕਾਰ ਬਣਾਉਣ ਲਈ ਇਨ੍ਹਾਂ ਜੁਗਾੜੂ ਰੇਹੜੀਆਂ ’ਚ ਹੀ ਵੋਟਾਂ ਭੁਗਤਾਈਆਂ ਜੋ ਹੁਣ ਸਰਕਾਰ ਨੂੰ ਚੁੱਭਣ ਲੱਗੀਆਂ ਹਨ। ਪੰਜਾਬ ਕਿਸਾਨ ਯੂਨੀਅਨ ਨੇ ਇਨ੍ਹਾਂ ਜੁਗਾੜੂ ਰੇਹੜੀ ਚਾਲਕਾਂ ਦਾ ਡਟਵਾਂ ਸਾਥ ਦੇਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਜਿਵੇਂ ਪਹਿਲਾਂ ਪਿੰਡਾਂ ’ਚ ਆਰਐੱਮਪੀ ਡਾਕਟਰਾਂ, ਘੜੁੱਕੇ, ਚਲਦੀਆਂ ਫਿਰਦੀਆਂ ਆਟਾ ਚੱਕੀਆਂ ਚਾਲੂ ਰੱਖੀਆਂ ਗਈਆਂ ਹਨ ਇਨ੍ਹਾਂ ਜੁਗਾੜੂ ਰੇਹੜੀਆਂ ਨੂੰ ਵੀ ਚੱਲਦਾ ਰੱਖਿਆ ਜਾਵੇਗਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਸੂਬਾ ਸਰਕਾਰ ਵੱਲੋਂ ਜੁਗਾੜੂ ਰੇਹੜੇ ਬੰਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ਰਮਾਨ ਨਾਲ ਗ਼ਰੀਬ ਲੋਕਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ।
ਰਿਕਸ਼ਾ ਚਾਲਕਾਂ ਵੱਲੋਂ ਭੁੱਖ ਹੜਤਾਲ ਦਾ ਐਲਾਨ
ਸਮਰਾਲਾ (ਪੱਤਰ ਪ੍ਰੇਰਕ): ਇਥੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਜੁਗਾੜੂ ਮੋਟਰਸਾਈਕਲ ਰੇਹੜਿਆ ਨੂੰ ਬੰਦ ਕਰਨ ਦੇ ਲਏ ਗਏ ਫ਼ੈਸਲੇ ਤੋਂ ਬਾਅਦ ਇਨਾਂ ਰੇਹੜਿਆ ’ਤੇ ਢੋਆ-ਢੁਆਈ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਲੱਖਾਂ ਗਰੀਬਾਂ ਦਾ ਪਲਾਂ ਵਿੱਚ ਹੀ ਰੁਜ਼ਗਾਰ ਖੁੱਸ ਗਿਆ ਹੈ। ਸੂਬੇ ਦੇ ਡੀਜੀਪੀ ਵੱਲੋਂ ਇਨ੍ਹਾਂ ਰੇਹੜਿਆਂ ਨੂੰ ਬੰਦ ਕਰਨ ਲਈ ਦਿੱਤੇ ਸਖ਼ਤ ਹੁਕਮਾਂ ਤੋਂ ਬਾਅਦ ਜਿਵੇਂ ਹੀ ਪੁਲੀਸ ਨੇ ਚਲਾਨ ਕੱਟਣੇ ਸ਼ੁਰੂ ਕੀਤੇ ਤਾਂ ਸਭ ਪਾਸੇ ਹਾਹਾਕਾਰ ਮੱਚ ਗਈ ਹੈ। ਅੱਜ ਇੱਥੇ ਇੱਕਤਰ ਹੋਏ ਮੋਟਰਸਾਈਕਲ ਰੇਹੜਾ ਚਾਲਕਾਂ ਨੇ ਇਸ ਨੂੰ ਸਰਕਾਰ ਦਾ ‘ਤਾਲੀਬਾਨੀ ਫੁਰਮਾਨ ਦੱਸਦੇ ਹੋਏ ਆਖਿਆ ਕਿ ਸੂਬੇ ਵਿੱਚ 1 ਲੱਖ ਦੇ ਕਰੀਬ ਮਜ਼ਦੂਰ ਇਨ੍ਹਾਂ ਰੇਹੜਿਆਂ ’ਤੇ ਢੋਆ-ਢੁਆਈ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੋਟਰਸਾਈਕਲ ਰੇਹੜਿਆ ਰਾਹੀ ਸੂਬੇ ਅੰਦਰ ਢੋਆ-ਢੁਆਈ ਤੋਂ ਬਿਨਾਂ ਵੱਡੀ ਗਿਣਤੀ ’ਚ ਉਹ ਗਰੀਬ ਵੀ ਸ਼ਾਮਲ ਹਨ, ਜਿਹੜੇ ਇਨਾਂ ਰੇਹੜਿਆ ’ਤੇ ਸਬਜ਼ੀ, ਫੱਲ-ਫਰੂਟ, ਰਾਸ਼ਨ ਸਮੇਤ ਪਿੰਡਾਂ ਅਤੇ ਮੁੱਹਲਿਆਂ ਵਿੱਚ ਫੇਰੀ ਲੱਗਾ ਕੇ ਰੁਜ਼ਗਾਰ ਕਰਦੇ ਆ ਰਹੇ ਸਨ, ਉਹ ਸਾਰੇ ਸਰਕਾਰ ਨੇ ਇੱਕ ਝਟਕੇ ਵਿੱਚ ਹੀ ਵਿਹਲੇ ਕਰ ਦਿੱਤੇ ਹਨ। ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਸਰਕਾਰ ਦੇ ਇਸ ਫ਼ੈਸਲੇ ਖਿਲਾਫ਼ ਸੋਮਵਾਰ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਐਲਾਨ ਕਰਦੇ ਹੋਏ ਆਖਿਆ ਕਿ ਪੰਜਾਬ ਭਰ ਵਿੱਚ ਹੀ ਇਸ ਦਾ ਵਿਰੋਧ ਕੀਤਾ ਜਾਵੇਗਾ। ਓਧਰ ਇਨਾਂ ਰੇਹੜਾ ਚਾਲਕਾਂ ਦੇ ਹੱਕ ਵਿੱਚ ਨਿੱਤਰੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਐਲਾਨ ਕੀਤਾ ਕਿ ਉਹ ਸਰਕਾਰ ਦੇ ਇਸ ਫੈਸਲੇ ਖਿਲਾਫ਼ ਡੱਟ ਕੇ ਲੜਨਗੇ। ਭਾਜਪਾ ਆਗੂ ਅਜੀਤ ਗੁਪਤਾ ਨੇ ਵੀ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ, ਇਸ ਨਾਲ ਸੂਬੇ ’ਚ ਢੋਆ-ਢੁਆਈ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ।