ਗਗਨਦੀਪ ਅਰੋੜਾ
ਲੁਧਿਆਣਾ, 16 ਸਤੰਬਰ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਅਚਾਨਕ ਤੋਂ ਮੁੰਡੀਆਂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੁੱਜ ਗਏ। ਇਸ ਅਚਨਚੇਤ ਦੌਰੇ ਦੇ ਚੱਲਦੇ ਸਕੂਲ ਪ੍ਰਬੰਧਕਾਂ ’ਚ ਭਾਜੜਾਂ ਪੈ ਗਈਆਂ। ਮੰਤਰੀ ਨੂੰ ਦੇਖ ਹਰ ਕੋਈ ਸਕੂਲ ਦੀ ਸਫ਼ਾਈ ਦੇ ਵੱਲ ਲੱਗ ਗਿਆ ਤਾਂ ਮੰਤਰੀ ਨੇ ਗੰਦਗੀ ਦੇਖ ਉਨ੍ਹਾਂ ਨੂੰ ਕਲਾਸ ਲਗਾਈ। ਜਦੋਂ ਮੰਤਰੀ ਬੈਂਸ ਸਕੂਲ ਪੁੱਜੇ ਤਾਂ ਉਥੇ ਬੱਚੇ ਥੱਲੇ ਟਾਟ ’ਤੇ ਬੈਠ ਕੇ ਪੜ੍ਹਾਈ ਕਰ ਰਹੇ ਹਨ। ਸਕੂਲ ਵਿੱਚ ਕਾਫ਼ੀ ਸਾਮਾਨ ਤੇ ਅਧਿਆਪਕਾਂ ਦੀ ਵੀ ਕਮੀ ਸੀ।
ਸਿੱਖਿਆ ਮੰਤਰੀ ਨੇ ਆਪਣੇ ਇਸ ਦੌਰੇ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਸੀ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਪੇਜ ’ਤੇ ਜਾਣਕਾਰੀ ਸਾਂਝੀ ਕਰ ਇਸ ਗੱਲ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਉਹ ਸਕੂਲ ’ਚ ਅਚਾਨਕ ਦੌਰਾ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਸਾਰੇ ਸਕੂਲ ’ਚ ਦਾ ਨਿਰੀਖਣ ਕੀਤਾ ਤੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੂੰ ਹੈਰਾਨੀ ਇਸ ਗੱਲ ਤੋਂ ਹੋਈ ਕਿ ਸਕੂਲ ’ਚ ਜਮਾਤ ਛੇਵੀਂ ਤੋਂ ਬਾਰਵੀਂ ਤੱਕ ਦੇ ਕਰੀਬ 2,500 ਵਿਦਿਆਰਥੀ ਪੜ੍ਹ ਰਹੇ ਹਨ ਤੇ ਉਨ੍ਹਾਂ ਲਈ ਸਿਰਫ਼ 21 ਕਮਰਿਆਂ ਦਾ ਹੀ ਪ੍ਰਬੰਧ ਹੈ। ਕਮਰਿਆਂ ਦੀ ਕਮੀ ਹੋਣ ਕਾਰਨ ਸਕੂਲੀ ਬੱਚਿਆਂ ਦੀਆਂ ਕਲਾਸਾਂ ਕਦੇ ਬਰਾਂਡੇ ਵਿੱਚ ਅਤੇ ਕਦੇ ਹਾਲ ’ਚ ਲੱਗਦੀਆਂ ਹਨ। ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਨਾ ਤਾਂ ਉਥੇ ਡੈਸਕਾਂ ਦਾ ਪ੍ਰਬੰਧ ਹੈ ਤੇ ਨਾ ਹੀ ਪੱਖਿਆਂ ਦਾ। ਸਿੱਖਿਆ ਮੰਤਰੀ ਨੇ ਜਦੋਂ ਬੱਚਿਆਂ ਤੋਂ ਸਵਾਲ ਕੀਤੇ ਤਾਂ ਉਨ੍ਹਾਂ ਨੇ ਕਮਰਿਆਂ ਦੀ ਕਮੀ, ਡੈਸਕ, ਅਧਿਆਪਕਾਂ ਦੀ ਕਮੀ ਤੇ ਹੋਰਨਾਂ ਚੀਜ਼ਾਂ ਬਾਰੇ ਮੰਤਰੀ ਨੂੰ ਦੱਸਿਆ।
ਉੱਧਰ, ਸਕੂਲ ’ਚ ਬਾਥਰੂਮ ਅੰਦਰ ਵੀ ਸਾਫ਼ ਸਫ਼ਾਈ ਚੰਗੀ ਤਰ੍ਹਾਂ ਨਹੀਂ ਸੀ। ਇਸ ਦੌਰਾਨ ਸਿੱਖਿਆ ਮੰਤਰੀ ਹਰ ਕਲਾਸ ’ਚ ਗਏ ਤੇ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬੱਚਿਆਂ ਨੇ ਵੀ ਹਰ ਸਵਾਲ ਦਾ ਜਵਾਬ ਬੇਬਾਕੀ ਨਾਲ ਦਿੱਤਾ। ਮੰਤਰੀ ਨੇ ਕਿਹਾ ਕਿ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਜਲਦੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ 57 ਕਮਰੇ ਹੋਣੇ ਚਾਹੀਦੇ ਹਨ, ਜਦੋਂ ਕਿ ਇੱਥੇ 21 ਦਾ ਹੀ ਪ੍ਰਬੰਧ ਹੈ। ਕਰੋਨਾ ਨਾਲ 2 ਸਾਲ ਪਹਿਲਾਂ ਤੱਕ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ 1,400 ਸੀ, ਜੋ ਕਿ ਇਨਰੋਲਮੈਂਟ ਵਧਾਉਣ ਤੋਂ ਬਾਅਦ 2,500 ਹੋ ਗਈ ਹੈ। ਸਿੱਖਿਆ ਮੰਤਰੀ ਨੇ ਹਰ ਜਮਾਤ ’ਚ ਜਾ ਕੇ ਬੱਚਿਆਂ ਤੋਂ ਉਨ੍ਹਾਂ ਦੇ ਸੁਪਨਿਆਂ ਬਾਰੇ ਸਵਾਲ ਕੀਤੇ ਅਤੇ ਬੱਚਿਆਂ ਨੇ ਆਪਣੇ ਉਦੇਸ਼ਾਂ ਬਾਰੇ ਦੱਸਿਆ। ਸਿੱਖਿਆ ਮੰਤਰੀ ਨੇ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ 6 ਮਹੀਨਿਆਂ ਅੰਦਰ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।