ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਅਗਸਤ
ਬੇਸਹਾਰਾ ਬੱਚਿਆਂ ਦੀ ਸਾਂਭ-ਸੰਭਾਲ ਵਾਲੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲਘਰ ਅਤੇ ਰੱਬੀ ਰੂਹਾਂ ਦਾ ਘਰ ਦੀਆਂ ਬੀਬੀਆਂ ਨੇ ਅੱਜ ਧਾਰਮਿਕ ਅਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਰੱਖੜੀ ਬੰਨ੍ਹ ਕੇ ਆਪਣੇ ਵਧੀਆ ਤੇ ਉਸਾਰੂ ਭਵਿੱਖ, ਆਪਸੀ ਸੁਰੱਖਿਆ ਅਤੇ ਢੁੱਕਵੀਂ ਸਾਂਭ ਸੰਭਾਲ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸੱਚਮੁੱਚ ਹੀ ਭੈਣਾਂ-ਭਰਾਵਾਂ ਦੇ ਆਪਸੀ ਪਿਆਰ ਨੂੰ ਗੂੜ੍ਹਾ ਕਰਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਮਨਾਇਆ ਜਾਣ ਵਾਲਾ ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ, ਪਿਆਰ ਅਤੇ ਮਮਤਾ ਦੀ ਡੋਰ ’ਚ ਬੱਝਿਆ ਅਜਿਹਾ ਤਿਉਹਾਰ ਹੈ, ਜਿਸ ਨੂੰ ਅੱਜ ਵੀ ਦੋਵੇਂ ਸ਼ਿੱਦਤ ਨਾਲ ਮਨਾਉਂਦੇ ਹਨ। ਇਸ ਮੌਕੇ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ, ਭਾਈ ਗੁਰਮੀਤ ਸਿੰਘ ਬੈਂਸ, ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ, ਮਨਪ੍ਰੀਤ ਕੌਰ, ਰਿੰਕੀ ਨਾਇਕ, ਆਸ਼ਾ, ਪ੍ਰਭਜੋਤ ਕੌਰ, ਤਨੁਜਾ, ਪੂਜਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਆਮ ਲੋਕਾਂ ਅਤੇ ਗਰੀਬਾਂ ਵਿੱਚ ਵਿਸ਼ਵਾਸ਼ ਅਤੇ ਰਸੂਖ ਵਧਾਉਣ ਦੇ ਮੰਤਵ ਨਾਲ ਪੰਜਾਬ ਪੁਲੀਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸਥਾਨਕ ਸ਼ਹਿਰ ਤੋਂ ਇਲਾਵਾ ਲਾਗਲੀਆਂ ਝੁੱਗੀ ਝੋਪੜੀਆਂ ਵਿੱਚ ਜਾ ਕੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਮਾਲੇਰਕੋਟਲਾ ਦੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਸਵੇਰ ਤੋਂ ਜਿੱਥੇ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਰੱਖੜੀ ਦਾ ਤਿਉਹਾਰ ਹੋਣ ਕਰ ਕੇ ਜਨਤਕ ਥਾਵਾਂ, ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਮੁਸਤੈਦੀ ਨਾਲ ਡਿਊਟੀ ਕਰ ਰਹੇ ਸਨ ਤਾਂ ਆਪਣੇ ਘਰਾਂ ਵਿੱਚ ਨਾ ਜਾ ਸਕਣ ਕਰ ਕੇ ਉਨ੍ਹਾਂ ਨੇ ਆਮ ਲੋਕਾਂ ਤੋਂ ਰੱਖੜੀਆਂ ਬੰਨ੍ਹਵਾਈਆਂ ਤੇ ਰਵਾਇਤੀ ਤੌਰ ’ਤੇ ਸ਼ਗਨ ਵੀ ਦਿੱਤੇ। ਥਾਣਾ ਸਿਟੀ ਦੇ ਐੱਸਐੱਚਓ ਗੁਰਪ੍ਰੀਤ ਕੌਰ ਅਤੇ ਥਾਣਾ ਸਦਰ ਮੁਖੀ ਸਿਕੰਦਰ ਸਿੰਘ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਇਲਾਕੇ ਦੀਆਂ ਗਰੀਬ ਬਸਤੀਆਂ ਤੇ ਝੁੱਗੀ ਝੌਪੜੀਆਂ ਵਿੱਚ ਜਾ ਕੇ ਰੱਖੜੀਆਂ ਬਨਾਉਣ ਤੇ ਮਿਠਾਈਆਂ ਵੰਡਣ ਦੀ ਸ਼ਲਾਘਾ ਕਰਦਿਆਂ ਐੱਸ ਐੱਸ ਪੀ ਸਿੱਧੂ ਨੇ ਦਾਅਵਾ ਕੀਤਾ ਕਿ ਇਸ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਪੁਲੀਸ ਪ੍ਰਤੀ ਸਤਿਕਾਰ ਅਤੇ ਵਿਸ਼ਵਾਸ਼ ਵਧਿਆ ਹੈ।
ਨੇਤਰਹੀਣ ਵਿਅਕਤੀਆਂ ਨੂੰ ਰੱਖੜੀਆਂ ਬੰਨ੍ਹੀਆਂ
ਪਾਇਲ (ਪੱਤਰ ਪ੍ਰੇਰਕ): ਦਿ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਰੌਣੀ ਦੀ ਮੈਨੇਜਜਰ ਅਮਨਦੀਪ ਕੌਰ ਪੰਧੇਰ ਨੇ ਭਾਰਤ ਨੇਤਰਹੀਣ ਸਮਾਜ ਸੇਵਕ ਬਿਰਧ ਆਸ਼ਰਮ ਦੇ ਵਿਅਕਤੀਆਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਨੇਤਰਹੀਣ ਵਿਅਕਤੀਆਂ ਨੇ ਜਿੱਥੇ ਗੁੱਟਾਂ ’ਤੇ ਰੱਖੜੀਆਂ ਬੰਨ੍ਹਣ ਦਾ ਧੰਨਵਾਦ ਕੀਤਾ, ਉੱਥੇ ਨੇਤਰਹੀਣ, ਅਪਾਹਜ ਵਿਅਕਤੀਆਂ ਅਤੇ ਬਜ਼ੁਰਗਾਂ ਨੇ ਅਸੀਸਾਂ ਤੇ ਆਸ਼ੀਰਵਾਦ ਵੀ ਦਿੱਤਾ।
ਸਕੂਲ ’ਚ ਰੱਖੜੀ ਦਾ ਤਿਉਹਾਰ ਮਨਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੇ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਅੰਜੂ ਭਾਟੀਆ ਨੇ ਕਿਹਾ ਕਿ ਇਸ ਤਿਓਹਾਰ ਨੂੰ ਸਕੂਲ ’ਚ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭੈਣ-ਭਰਾ ਦੇ ਰਿਸ਼ਤੇ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਰੱਖੜੀ ਬਨਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਚੇਅਰਮੈਨ ਸੁਰਿੰਦਰ ਸ਼ਾਹੀ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਰੱਖੜੀਆਂ ਦੀ ਖੂਬ ਸ਼ਲਾਘਾ ਕੀਤੀ। ਰੱਖੜੀ ਦੇ ਰੰਗ ਬਿਰੰਗੇ ਧਾਗੇ ਭੈਣ ਭਰਾ ਦੇ ਪਿਆਰ ਦੇ ਬੰਧਨ ਨੂੰ ਮਜ਼ਬੂਤ ਕਰਦੇ ਹਨ, ਹਰ ਦੁੱਖ ਸੁੱਖ ’ਚ ਨਾਲ ਰਹਿਣ ਦਾ ਵਿਸਵਾਸ਼ ਦਿਵਾਉਂਦੇ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ।