ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਗਸਤ
ਸਥਾਨਕ ਪ੍ਰਤਾਪ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਦੇ ਨਾਲ ਨਾਲ ਪੂਰਾ ਸਟਾਫ ਵੀ ਪੰਜਾਬੀ ਪਹਿਰਾਵਾ ਪਾ ਕੇ ਪਹੁੰਚਿਆ। ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ ਅਤੇ ਕਿੱਕਲੀ ਪਾ ਕਿ ਸਾਰਿਆਂ ਨੂੰ ਝੂਮਣ ਲਾ ਦਿੱਤਾ। ਸਮਾਗਮ ਵਿੱਚ ਇੱਕ ਸੈਲਫੀ ਪੁਆਇੰਟ ਵੀ ਤਿਆਰ ਕੀਤਾ ਗਿਆ ਸੀ, ਜਿੱਥੇ ਵਿਦਿਆਰਥਣਾਂ ਨੇ ਤਸਵੀਰਾਂ ਖਿਚਵਾਈਆਂ। ਰੌਚਕ ਖੇਡਾਂ ਦੇ ਨਾਲ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਡੀਏਵੀ ਪਬਲਿਕ ਸਕੂਲ ’ਚ ਅੱਜ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੱਗੀਆਂ ਰੌਣਕਾਂ ’ਚ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਅਤੇ ਉਨ੍ਹਾਂ ਦੀ ਪਤਨੀ ਗੀਤੀਕਾ ਵੀ ਸ਼ਾਮਲ ਹੋਏ। ਕੁੜੀਆਂ ਦੀਆਂ ਬੋਲੀਆਂ ਅਤੇ ਗਿੱਧੇ ਨੇ ਪੂਰੇ ਵਾਤਾਵਰਨ ’ਚ ਰੰਗ ਬੰਨ੍ਹ ਦਿੱਤਾ। ਮੈਡਮ ਕੰਵਲਜੋਤ ਦੀ ਨਿਗਰਾਨੀ ਹੇਠ ਬੱਚਿਆਂ ਨੇ ਲੋਕ ਗੀਤ ਗਾ ਕੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ। ਪ੍ਰਿੰਸੀਪਲ ਬੱਬਰ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ।
ਬੀਬੀਆਂ ਨੇ ਬੋਲੀਆਂ ਪਾ ਕੇ ਬੰਨ੍ਹਿਆ ਰੰਗ
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਰਾਠੌਰ ਕਾਲੋਨੀ (ਪ੍ਰੇਮ ਨਗਰ) ਵਿੱਚ ਮਹਿਲਾ ਪ੍ਰਧਾਨ ਪਰਮਜੀਤ ਕੌਰ ਪ੍ਰੀਤ ਦੀ ਅਗਵਾਈ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ, ਮੁਹਾਲੀ, ਸਮਰਾਲਾ, ਖੰਨਾ, ਨਵਾਂਸ਼ਹਿਰ ਤੋਂ ਆਈਆਂ ਨਵ-ਵਿਆਹੁਤਾ ਮੁਟਿਆਰਾਂ ਤੇ ਔਰਤਾਂ ਵਲੋਂ ਜਿੱਥੇ ਗਿੱਧਾ ਪਾਇਆ ਗਿਆ, ਉੱਥੇ ਅੱਧਖੜ ਤੇ ਬਜ਼ੁਰਗ ਔਰਤਾਂ ਵਲੋਂ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਔਰਤਾਂ ਵਲੋਂ ਚਰਖਾ ਕੱਤਿਆ ਅਤੇ ਪੱਖੀਆਂ ਝੱਲ ਕੇ ਪੰਜਾਬ ਦੇ ਅਮੀਰ ਵਿਰਸੇ ਨੂੰ ਚੇਤੇ ਕੀਤਾ।