ਸੰਤੋਖ ਗਿੱਲ
ਗੁਰੂਸਰ ਸੁਧਾਰ, 1 ਦਸੰਬਰ
ਪੰਜਾਬ ਯੂਨੀਵਰਸਿਟੀ ਦੇ ਮੋਗਾ-ਫ਼ਿਰੋਜ਼ਪੁਰ ਜ਼ੋਨ-ਏ ਦੇ ਯੁਵਕ ਅਤੇ ਵਿਰਾਸਤੀ ਮੇਲੇ ਦੇ ਚੌਥੇ ਦਿਨ ਔਰਤਾਂ ਦੇ ਰਵਾਇਤੀ ਗੀਤ, ਵਾਰ, ਕਲੀ, ਕਵੀਸ਼ਰੀ ਦੇ ਮੁਕਾਬਲੇ ਹੋਏ। ਘੋੜੀਆਂ, ਸੁਹਾਗ, ਸਿੱਠਣੀਆਂ ਨੇ ਸਰੋਤਿਆਂ ਅੰਦਰ ਪੰਜਾਬ ਦੀ ਰਵਾਇਤੀ ਚਿਣਗ ਜਗਾ ਦਿੱਤੀ। ਮੇਲੇ ਦੇ ਚੌਥੇ ਦਿਨ ਦੇ ਅਮਰਜੀਤ ਸਿੰਘ ਸਿੱਕਾ ਚੇਅਰਮੈਨ ਲਘੂ ਉਦਯੋਗ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਾਬ ਯੂਨੀਵਰਸਿਟੀ ਦੇ ਫੈਲੋ ਮੁਕੇਸ਼ ਕੁਮਾਰ ਅਰੋੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਅੰਦਰ ਆਪਣੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਬਹੁਤ ਵੱਡਾ ਜ਼ਰੀਆ ਹਨ। ਕਾਲਜ ਪ੍ਰਿੰਸੀਪਲ ਡਾਕਟਰ ਅਵਿਨਾਸ਼ ਕੌਰ ਨੇ ਕਿਹਾ ਕਿ ਵਿਰਾਸਤੀ ਮੇਲਿਆਂ ਦੀ ਵਿਦਿਆਰਥੀਆਂ ਦੀ ਸਭਿਆਚਾਰਕ ਪ੍ਰਤਿਭਾ ਨਿਖਾਰਨ ਵਿਚ ਅਹਿਮ ਭੂਮਿਕਾ ਹੈ। ਸ਼ਾਮ ਦੇ ਸੈਸ਼ਨ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਵਰਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਕੇ.ਐੱਸ ਕਾਲਜ ਮੁਹਾਰ ਨੇ ਕਲੀਆਂ ਦੀ ਪੇਸ਼ਕਾਰੀ ਵਿਚ ਦੂਜਾ, ਵਾਰ ਵਿਚ ਪਹਿਲਾ, ਕਵੀਸ਼ਰੀ ਵਿਚ ਪਹਿਲਾ ਅਤੇ ਔਰਤਾਂ ਦੇ ਰਵਾਇਤੀ ਗੀਤਾਂ ਦੇ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਆਰ.ਐੱਸ. ਡੀ. ਕਾਲਜ ਫ਼ਿਰੋਜ਼ਪੁਰ ਨੇ ਕਲੀਆਂ ਦੀ ਪੇਸ਼ਕਾਰੀ ਵਿਚ ਪਹਿਲਾ, ਵਾਰ ਵਿਚ ਤੀਜਾ, ਔਰਤਾਂ ਦੇ ਰਵਾਇਤੀ ਗੀਤਾਂ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਮੇਜ਼ਬਾਨ ਜੀ.ਐਨ ਕਾਲਜ ਨਾਰੰਗਵਾਲ ਨੇ ਕਲੀਆਂ ਦੀ ਪੇਸ਼ਕਾਰੀ ਵਿਚ ਤੀਜਾ, ਵਾਰ ਵਿਚ ਦੂਜਾ, ਕਵੀਸ਼ਰੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਕਾਲਜ ਮੋਗਾ ਨੇ ਔਰਤਾਂ ਦੇ ਰਵਾਇਤੀ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵੀਸ਼ਰੀ ਵਿਚ ਪੀ.ਯੂ.ਸੀ.ਸੀ ਕਾਲਜ ਨਿਹਾਲ ਸਿੰਘ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਪ੍ਰੋ. ਕਮਲਜੀਤ ਸਿੰਘ ਸੋਹੀ ਅਤੇ ਪ੍ਰੋ. ਕੁਲਦੀਪ ਕੁਮਾਰ ਬੱਤਾ ਨੇ ਮੰਚ ਸੰਚਾਲਨ ਕੀਤਾ।