ਗੁਰਿੰਦਰ ਸਿੰਘ
ਲੁਧਿਆਣਾ, 3 ਅਕਤੂਬਰ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਗੱਡੀਆਂ ਚੋਰੀ ਕਰਕੇ ਸਕਰੈਪ ਦੇ ਭਾਅ ਵੇਚਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਭਾਰੀ ਮਾਤਰਾ ਵਿੱਚ ਗੱਡੀਆਂ, ਇੰਜਣ, ਸਕਰੈਪ, ਟਾਇਰ ਟਿਊਬਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਗਰੋਹ ਦੇ ਚਾਰ ਹੋਰ ਮੈਂਬਰਾਂ ਦੀ ਪੁਲੀਸ ਸਰਗਰਮੀ ਨਾਲ ਭਾਲ ਕਰ ਰਹੀ ਹੈ।
ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਅੱਜ ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਫੋਕਲ ਪੁਆਇੰਟ ਦੇ ਇੰਸਪੈਕਟਰ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਪੁਲੀਸ ਵੱਲੋਂ ਇਸ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣੇਦਾਰ ਨਰਿੰਦਰ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਆਰਤੀ ਸਟੀਲ ਚੌਕ ਫੋਕਲ ਪੁਆਇੰਟ ਨੇੜੇ ਮੌਜੂਦ ਸੀ ਤਾਂ ਪਤਾ ਲੱਗਾ ਕਿ ਆਰ ਐਂਡ ਡੀ ਸੈਂਟਰ ਦੇ ਸਾਹਮਣੇ ਕੁਝ ਲੋਕਾਂ ਵੱਲੋਂ ਗੱਡੀਆਂ ਚੋਰੀ ਕਰ ਕੇ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੂਚਨਾ ਮਿਲਣ ਤੋਂ ਬਾਅਦ ਪਿੰਡ ਗਿੱਲ ਸਥਿਤ ਸਟਾਰ ਐਵਨਿਊ ਮਾਲੇਰਕੋਟਲਾ ਰੋਡ ’ਤੇ ਛਾਪਾ ਮਾਰ ਕੇ ਗੱਡੀਆਂ, ਇੰਜਣ ਅਤੇ ਸਕਰੈਪ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ ਮੁੱਖ ਮੈਂਬਰ ਰਾਜਿੰਦਰ ਸਿੰਘ ਵਾਸੀ ਲੁਹਾਰਾ ਰੋਡ, ਉਸਦੇ ਪੁੱਤਰ ਤਜਿੰਦਰ ਸਿੰਘ ਅਤੇ ਹਰਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਡਾਬਾ ਰੋਡ ਵੱਲੋਂ ਗੱਡੀਆਂ ਚੋਰੀ ਕਰ ਕੇ ਫੋਕਲ ਪੁਆਇੰਟ ਵਿੱਚ ਰੱਖੀਆਂ ਜਾਂਦੀਆਂ ਸਨ ਅਤੇ ਉਸ ਤੋਂ ਬਾਅਦ ਸਟਾਰ ਐਵਨਿਊ ਮਾਲੇਰਕੋਟਲਾ ਰੋਡ ਪਿੰਡ ਗਿੱਲ ਲਿਜਾ ਕੇ ਉਨ੍ਹਾਂ ਦਾ ਸਕਰੈਪ ਤਿਆਰ ਕਰ ਕੇ ਵੇਚਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪੇ ਮਾਰ ਕੇ ਮਨੋਜ ਕੁਮਾਰ ਵਾਸੀ ਭਵਾਨੀ ਖੁਰਦ ਗੋਂਡਾ (ਉੱਤਰ ਪ੍ਰਦੇਸ਼) ਜੋ ਸ਼ਿਮਲਾਪੁਰੀ ਦੇ ਇਲਾਕੇ ਵਿੱਚ ਰਹਿੰਦਾ ਹੈ, ਨੂੰ ਕਾਬੂ ਕਰਨ ਤੋਂ ਬਾਅਦ ਬਲੈਰੋ ਮੈਕਸੀ ਪੀਬੀ 10 ਟੀਐੱਸ 1701, ਪੀਬੀ07 ਪੀ 3955, ਟਾਟਾ 407 ਪੀਬੀ 33 ਯੂ ਓ 1242, ਬਲੈਰੋ ਪਿਕਅੱਪ ਵੈਨ ਪੀਬੀ 10 ਪੀ 0884 ਅਤੇ ਬੋਲੈਰੋ ਕਬਜ਼ੇ ਵਿੱਚ ਕਰ ਲਈਆਂ। ਉਸਦੇ ਬਿਆਨ ਦੇ ਆਧਾਰ ਤੇ ਚੋਰੀ ਕੀਤੀ ਟਾਟਾ 407 ਪੀਬੀ 10 ਡੀਐੱਸ 6903, ਬਿਨਾਂ ਨੰਬਰ ਟਾਟਾ 407, ਮੋਟਰਸਾਈਕਲ ਪਲਟੀਨਾ ਪੀਬੀ 10 ਡੀਪੀ 2290 ਅਤੇ ਐਕਟਿਵਾ ਬਿਨਾਂ ਨੰਬਰੀ ਵੀ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮਨੋਜ ਕੁਮਾਰ ਗੁਪਤਾ ਦੀ ਨਿਸ਼ਾਨਦੇਹੀ ’ਤੇ ਰਜਿੰਦਰ ਸਿੰਘ ਵਾਸੀ ਫੌਜੀ ਕਲੋਨੀ ਸੰਗੋਵਾਲ ਦੀ ਪਤਨੀ ਬਲਜੀਤ ਕੌਰ, ਰਣਧੀਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਮੈਰਾਡੋ ਕਲੋਨੀ ਪੁਲੀਸ ਚੌਂਕੀ ਨੇੜੇ ਅਤੇ ਮੋਹਿਤ ਕੁਮਾਰ ਵਾਸੀ ਪ੍ਰੀਤ ਨਗਰ ਗਿੱਲ ਰੋਡ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਇਲਾਵਾ ਪੁਲੀਸ ਨੂੰ ਵੱਖ ਵੱਖ ਗੱਡੀਆਂ ਦੇ 17 ਇੰਜਣ, ਵੱਖ ਵੱਖ 10 ਗੱਡੀਆਂ ਦੀਆਂ ਬਾਡੀਆਂ, ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਇੱਕ ਗਰੋਹ ਦੇ ਮੁੱਖ ਮੈਂਬਰਾਂ ਰਜਿੰਦਰ ਸਿੰਘ, ਉਸ ਦੇ ਪੁੱਤਰ ਤਜਿੰਦਰ ਸਿੰਘ, ਹਰਜੀਤ ਸਿੰਘ ਅਤੇ ਮੋਹਨ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।