ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਗਸਤ
ਜਵੱਦੀ ਟਕਸਾਲ ਦੇ ਬਾਨੀ ਸੰਤ ਸੁੱਚਾ ਸਿੰਘ ਦੀ 20ਵੀਂ ਬਰਸੀ ਸਬੰਧੀ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਚੱਲ ਰਹੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਅੱਜ ਸ਼ਹਿਰ ਦੀਆਂ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੇ ਇਸਤਰੀ ਸਮਾਗਮ ਕੀਤਾ। ਇਸ ਮੌਕੇ 150 ਦੇ ਕਰੀਬ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਨੇ ਸ਼ਮੂਲੀਅਤ ਕਰਦਿਆਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ, ਜਦਕਿ ਸੰਤ ਅਮੀਰ ਸਿੰਘ ਨੇ ਸੰਗਤ ਨੂੰ ਨਾਮ ਸਿਮਰਨ ਵੀ ਕਰਵਾਇਆ।
ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿੱਚ ਵਿਉਂਤਬੱਧ ਕਰਕੇ ਗੁਰਮਤਿ ਸੰਗੀਤ ਨੂੰ ਇੱਕ ਅਜਿਹੇ ਸਾਧਨ ਦੇ ਰੂਪ ਵਜੋਂ ਵਰਤਿਆ ਹੈ, ਜੋ ਮਨ ਨੂੰ ਇਕਾਗਰ ਕਰਨ ਤੇ ਆਤਮਾ ਨੂੰ ਰੂਹਾਨੀਅਤ ਦੀਆਂ ਬੁਲੰਦੀਆਂ ਤੇ ਲਿਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਤ ਸੁੱਚਾ ਸਿੰਘ ਵੱਲੋਂ ਗੁਰਮਤਿ ਸੰਗੀਤ ਕਲਾ ਨੂੰ ਉਤਸ਼ਾਹਿਤ ਕਰਨਾ ਮਿਸਾਲੀ ਕਾਰਜ ਸੀ, ਜਿਸ ਨੂੰ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਦੀ ਯੋਗ ਅਗਵਾਈ ਹੇਠ ਅੱਗੇ ਤੋਰਿਆ ਜਾ ਰਿਹਾ ਹੈ। ਇਸ ਮੌਕੇ ਸੰਤ ਅਮੀਰ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਅਤੇ ਮਾਤਾ ਵਿਪਨਪ੍ਰੀਤ ਕੌਰ ਨੇ ਸਿੰਘ ਸਾਹਿਬ ਨੂੰ ਦੁਸ਼ਾਲਾ, ਸਿਰਪਾਓ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਬਲਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਵਾਲੇ, ਬਾਬਾ ਰਸ਼ਪਾਲ ਸਿੰਘ ਡੁਮੇਲੀਵਾਲੇ, ਸੰਤ ਬਾਬਾ ਸਵਰਨ ਸਿੰਘ ਝੁਨੇਰ, ਭਾਈ ਬਲਜੀਤ ਸਿੰਘ ਬੀਤਾ, ਭਾਈ ਜਸਪਾਲ ਸਿੰਘ ਇਸਲਾਮਗੰਜ, ਬੀਬੀ ਕਰਤਾਰ ਕੌਰ ਡੰਗ, ਬੀਬੀ ਬਲਦੇਵ ਕੌਰ ਅਤੇ ਬੀਬੀ ਇੰਦਰਜੀਤ ਕੌਰ ਹਾਜ਼ਰ ਸਨ।